#PUNJAB

2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ‘ਲੁਧਿਆਣਾ, ਬਠਿੰਡਾ, ਫਿਰੋਜ਼ਪੁਰ’ ਤੋਂ ਪਰ ਤੋਲਣ ਲੱਗੇ!

-ਪਾਰਟੀ ਵੱਲੋਂ ਅੰਦਰਖਾਤੇ ਹਲਕਿਆਂ ‘ਚ ਸਰਵੇ ਕਰਵਾਉਣ ਦੀ ਚਰਚਾ
ਲੁਧਿਆਣਾ, 13 ਜੂਨ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਅੱਜਕਲ੍ਹ ਫ਼ਿਰੋਜ਼ਪੁਰ ਤੋਂ ਐੱਮ.ਪੀ. ਹਨ ਤੇ ਉਨ੍ਹਾਂ ਦੀ ਧਰਮਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਮੌਜੂਦਾ ਐੱਮ.ਪੀ. ਹਨ। ਭਾਵੇਂ 2024 ਦੀਆਂ ਚੋਣਾਂ ਵਿਚ 10 ਮਹੀਨੇ ਬਾਕੀ ਬਚਦੇ ਹਨ ਪਰ ਹੋਰਨਾਂ ਪਾਰਟੀਆਂ ਵਿਚ ਕਸਰਤ ਸ਼ੁਰੂ ਹੋ ਗਈ ਹੈ, ਉਥੇ ਅਕਾਲੀ ਦਲ ਨੇ ਵੀ ਕੰਨ ਚੁੱਕ ਲਏ ਹਨ।
ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਪਰਿਵਾਰ ‘ਚ ਇਕ ਟਿਕਟ ਦੇਣ ਦਾ ਐਲਾਨ ਜੋ ਕੀਤਾ ਹੈ, ਉਸ ਨਾਲ ਹੁਣ ਅਕਾਲੀ ਦਲ ਦੇ ਨੇਤਾਵਾਂ ਵਿਚ ਇਹ ਚਰਚਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਸੁਖਬੀਰ ਬਾਦਲ ਖੁਦ ਹੀ ਚੋਣ ਲੜਨਗੇ ਜਾਂ ਉਨ੍ਹਾਂ ਦੀ ਪਤਨੀ। ਉਸ ਵੇਲੇ ਲੋਕ ਸਭਾ ਦਾ ਕਿਹੜਾ ਹਲਕਾ ਹੋਵੇਗਾ, ਉਸ ਬਾਰੇ ਸੂਤਰਾਂ ਅਤੇ ਪਾਰਟੀ ਖੇਮੇ ਵਿਚ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ‘ਤੇ ਜੋ ਸਰਵੇ ਕਰਵਾ ਰਿਹਾ ਹੈ, ਜਿੱਥੋਂ ਉਹ ਸ਼ਾਨ ਨਾਲ ਜਿੱਤ ਸਕਣ, ਜਿਹੜੇ ਹਲਕਿਆਂ ਵਿਚ ਪਾਰਟੀ ਅੰਦਰਖਾਤੇ ਸਰਵੇ ਕਰਵਾਉਣ ਦੀ ਚਰਚਾ ਹੈ, ਉਨ੍ਹਾਂ ਵਿਚ ਇਕ ਤਾਂ ਮੌਜੂਦਾ ਲੋਕ ਸਭਾ ਫਿਰੋਜ਼ਪੁਰ ਤੋਂ, ਦੂਜਾ ਬਠਿੰਡਾ, ਤੀਜਾ ਲੁਧਿਆਣਾ ਦੱਸਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਜੇਕਰ ਭਾਜਪਾ ਨਾਲ ਗੱਠਜੋੜ ਹੋ ਗਿਆ ਤਾਂ ਇਨ੍ਹਾਂ ਤਿੰਨ ਹਲਕਿਆਂ ‘ਚੋਂ ਕਿਸੇ ਥਾਂ ਵੀ ਸੁਖਬੀਰ ਬਾਦਲ ਦਾ ਚੋਣ ਲੜਨਾ ਸੁਖਾਲਾ ਹੋਵੇਗਾ। ਜੇਕਰ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਚੋਣ ਮੈਦਾਨ ‘ਚ 4 ਪਾਰਟੀਆਂ ਦੇ ਉਮੀਦਵਾਰ, ਜਿਵੇਂ ਕਾਂਗਰਸ, ਭਾਜਪਾ, ਅਕਾਲੀ ਤੇ ‘ਆਪ’ ਦੇ ਹੋਣਗੇ ਤੇ ਚਹੁੰ-ਕੋਨਾ ਮੁਕਾਬਲਾ ਹੋਣ ‘ਤੇ ਨਤੀਜਾ ਕੀ ਹੋਵੇਗਾ, ਉਸ ਬਾਰੇ ਅਜੇ ਕੁਝ ਆਖਣਾ ਮੁਸ਼ਕਿਲ ਹੈ। ਹੁਣ ਗੱਲ ਗੱਠਜੋੜ ‘ਤੇ ਖੜ੍ਹੀ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਭਾਜਪਾ ਵੀ ਅੰਦਰਖਾਤੇ ਸਰਵੇ ਕਰਵਾਉਂਦੀ ਦੱਸੀ ਜਾ ਰਹੀ ਹੈ।

Leave a comment