#INDIA

2024 ‘ਚ ‘ਆਪ’ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ‘ਤੇ ਲੜੇਗੀ ਚੋਣ

ਨਵੀਂ ਦਿੱਲੀ, 30 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਕਿਹਾ ਕਿ ਉਹ 2024 ਵਿਚ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ ਅਤੇ ਲੋਕਾਂ ਨੂੰ ਇਹ ਦੱਸਣ ਲਈ ਮੁਹਿੰਮ ਚਲਾਏਗੀ ਕਿ ਰਾਜਧਾਨੀ ‘ਚ ਪ੍ਰਸ਼ਾਸਨਿਕ ਸੇਵਾਵਾਂ ‘ਤੇ ਕੰਚਰੋਲ ਸਬੰਧੀ ਕੇਂਦਰ ਦਾ ਆਰਡੀਨੈਂਸ ਉਨ੍ਹਾਂ ਦੇ ਵਿਰੁੱਧ ਹੈ।
ਦਿੱਲੀ ਅਤੇ ਹਰਿਆਣਾ ਦੇ ‘ਆਪ’ ਆਗੂਆਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਨੇ ਵਿਰੋਧੀ ਪਾਰਟੀਆਂ ਨੂੰ ਭਾਜਪਾ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਂਗਰਸ ਦੇ ‘ਰਵੱਈਏ’ ‘ਤੇ ਨਿਰਭਰ ਕਰਦਾ ਹੈ।
‘ਆਪ’ ਆਰਡੀਨੈਂਸ ਦੇ ਮੁੱਦੇ ‘ਤੇ ਕਈ ਗੈਰ-ਭਾਜਪਾ ਪਾਰਟੀਆਂ ਦਾ ਸਮਰਥਨ ਹਾਸਲ ਕਰਨ ‘ਚ ਕਾਮਯਾਬ ਰਹੀ ਹੈ, ਜਦਕਿ ਕਾਂਗਰਸ ਨੇ ਅਜੇ ਆਰਡੀਨੈਂਸ ਦੀ ਨਿੰਦਾ ਨਹੀਂ ਕੀਤੀ ਹੈ।
ਪਾਠਕ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਕਾਲਾ ਆਰਡੀਨੈਂਸ ਕੇਜਰੀਵਾਲ ਵਿਰੋਧੀ ਨਹੀਂ, ਸਗੋਂ ਲੋਕ ਵਿਰੋਧੀ ਹੈ। ਹੋਰ ਮੁੱਦੇ ਇਹ ਹਨ ਕਿ ਕੀ ਭਾਜਪਾ ਵਿਰੋਧੀ ਪਾਰਟੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਮੋਦੀ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਕੀ ਕੰਮ ਕੀਤੇ ਹਨ। ਜੇ ਕੋਈ ਮੋਦੀ ਸਰਕਾਰ ਵੱਲੋਂ ਕੀਤੇ 4 ਕੰਮ ਵੀ ਗਿਣਾ ਦੇਵੇ, ਤਾਂ ਮੈਂ ਉਨ੍ਹਾਂ ਨੂੰ ਵਧਾਈ ਦੇਵਾਂਗਾ।
ਪਾਠਕ ਨੇ ਮੋਦੀ ਸਰਕਾਰ ‘ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਰਗੀਆਂ ਕੇਂਦਰੀ ਏਜੰਸੀਆਂ ਨੂੰ ‘ਬਰਬਾਦ’ ਕਰਨ ਦਾ ਵੀ ਦੋਸ਼ ਲਾਇਆ।

Leave a comment