#INDIA

2023 ਦੌਰਾਨ ਦਿੱਲੀ ‘ਚ ਹਵਾ ਪ੍ਰਦੂਸ਼ਣ ਕਾਰਨ ਹੋਈਆਂ 15 ਫੀਸਦੀ ਮੌਤਾਂ : ਰਿਪੋਰਟ

ਨਵੀਂ ਦਿੱਲੀ, 31 ਅਕਤੂਬਰ (ਪੰਜਾਬ ਮੇਲ)- ਤਾਜ਼ਾ ਗਲੋਬਲ ਬਰਡਨ ਆਫ਼ ਡਿਜ਼ੀਜ਼ (ਜੀ.ਬੀ.ਡੀ.) ਡਾਟਾ ਦੇ ਵਿਸ਼ਲੇਸ਼ਣ ਅਨੁਸਾਰ ਦਿੱਲੀ ਵਿਚ ਲੋਕਾਂ ਲਈ ਹਵਾ ਪ੍ਰਦੂਸ਼ਣ ਸਭ ਤੋਂ ਵੱਡਾ ਸਿਹਤ ਜੋਖਮ ਬਣਿਆ ਹੋਇਆ ਹੈ। ਸਾਲ 2023 ਵਿਚ ਹੋਈਆਂ ਕੁੱਲ ਮੌਤਾਂ ਵਿਚੋਂ ਲਗਪਗ 15 ਫੀਸ ਮੌਤਾਂ ਪ੍ਰਦੂਸ਼ਣ ਕਾਰਨ ਹੋਈਆਂ ਹਨ।
ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (ਆਈ.ਐੱਚ.ਐੱਮ.ਈ.) ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਕੀਤੇ ਗਏ ਜੀ.ਬੀ.ਡੀ. 2023 ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਅੰਬੀਐਂਟ ਪਾਰਟੀਕੁਲੇਟ ਮੈਟਰ ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਕਾਰਨ 2023 ਵਿਚ ਦਿੱਲੀ ਵਿਚ ਅੰਦਾਜ਼ਨ 17,188 ਮੌਤਾਂ ਹੋਈਆਂ।
ਇਸਦਾ ਮਤਲਬ ਹੈ ਕਿ ਸ਼ਹਿਰ ਵਿਚ ਹਰ ਸੱਤ ਮੌਤਾਂ ਵਿਚੋਂ ਇੱਕ ਪ੍ਰਦੂਸ਼ਿਤ ਹਵਾ ਨਾਲ ਜੁੜੀ ਹੋਈ ਸੀ।
ਹਾਲਾਂਕਿ, ਕੇਂਦਰ ਸਰਕਾਰ ਨੇ ਇਹ ਕਾਇਮ ਰੱਖਿਆ ਹੈ ਕਿ ਹਵਾ ਪ੍ਰਦੂਸ਼ਣ ਅਤੇ ਮੌਤਾਂ ਵਿਚਕਾਰ ਸਿੱਧੇ ਸਬੰਧ ਨੂੰ ਸਥਾਪਤ ਕਰਨ ਲਈ ਕੋਈ ਨਿਰਣਾਇਕ ਡਾਟਾ ਉਪਲਬਧ ਨਹੀਂ ਹੈ।
ਜੀ.ਬੀ.ਡੀ. ਅਧਿਐਨ ਦੁਨੀਆਂ ਦੇ ਸਭ ਤੋਂ ਵਿਆਪਕ ਖੋਜ ਪ੍ਰੋਜੈਕਟਾਂ ਵਿਚੋਂ ਇੱਕ ਹੈ, ਜੋ ਇਹ ਮਾਪਦਾ ਹੈ ਕਿ ਸਾਰੇ ਦੇਸ਼ਾਂ, ਉਮਰ ਸਮੂਹਾਂ ਅਤੇ ਕਾਰਨਾਂ ਵਿਚ ਲੋਕ ਕਿਵੇਂ ਮਰਦੇ ਹਨ ਅਤੇ ਕਿਸ ਕਾਰਨ ਬਿਮਾਰ ਹੁੰਦੇ ਹਨ।
ਹਵਾ ਪ੍ਰਦੂਸ਼ਣ ਤੋਂ ਬਾਅਦ 2023 ਵਿਚ ਦਿੱਲੀ ਵਿਚ ਮੌਤਾਂ ਵਿਚ ਯੋਗਦਾਨ ਪਾਉਣ ਵਾਲੇ ਹੋਰ ਮੁੱਖ ਜੋਖਮ ਕਾਰਕ ਸਨ: ਉੱਚ ਸਿਸਟੋਲਿਕ ਬਲੱਡ ਪ੍ਰੈਸ਼ਰ (14,874 ਮੌਤਾਂ ਜਾਂ 12.5 ਪ੍ਰਤੀਸ਼ਤ), ਉੱਚ ਫਾਸਟਿੰਗ ਪਲਾਜ਼ਮਾ ਗਲੂਕੋਜ਼ ਜਾਂ ਡਾਇਬੀਟੀਜ਼ (10,653 ਮੌਤਾਂ ਜਾਂ 9 ਪ੍ਰਤੀਸ਼ਤ), ਉੱਚ ਕੋਲੈਸਟ੍ਰੋਲ (7,267 ਮੌਤਾਂ ਜਾਂ 6 ਪ੍ਰਤੀਸ਼ਤ), ਅਤੇ ਉੱਚ ਬਾਡੀ-ਮਾਸ ਇੰਡੈਕਸ (6,698 ਮੌਤਾਂ ਜਾਂ 5.6 ਪ੍ਰਤੀਸ਼ਤ)।
ਜੀ.ਬੀ.ਡੀ. ਡਾਟਾ ਦਾ ਵਿਸ਼ਲੇਸ਼ਣ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਦੇ ਖੋਜਕਰਤਾਵਾਂ ਨੇ ਕਿਹਾ ਕਿ ਸਾਲ-ਦਰ-ਸਾਲ ਦੇ ਉਤਰਾਅ-ਚੜ੍ਹਾਅ ਦੇ ਬਾਵਜੂਦ, ਪਾਰਟੀਕੁਲੇਟ ਮੈਟਰ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਵੱਧ ਰਹੀਆਂ। ਜੋ ਅਕਸਰ ਹਾਈਪਰਟੈਂਸ਼ਨ ਜਾਂ ਡਾਇਬੀਟੀਜ਼ ਨਾਲ ਜੁੜੀਆਂ ਮੌਤਾਂ ਨਾਲੋਂ ਵੱਧ ਹਨ।
ਸੀ.ਆਰ.ਈ.ਏ. ਦੇ ਵਿਸ਼ਲੇਸ਼ਕ ਮਨੋਜ ਕੁਮਾਰ ਨੇ ਕਿਹਾ, ”ਹਵਾ ਪ੍ਰਦੂਸ਼ਣ ਸਿਰਫ ਇੱਕ ਵਾਤਾਵਰਣ ਦਾ ਮੁੱਦਾ ਨਹੀਂ ਹੈ; ਇਹ ਇੱਕ ਜਨਤਕ ਸਿਹਤ ਸੰਕਟ ਹੈ, ਜਿਸ ਲਈ ਅਸਲ ਅਤੇ ਮਾਪਣਯੋਗ ਪ੍ਰਦੂਸ਼ਣ ਘਟਾਉਣ ਲਈ ਪ੍ਰਦੂਸ਼ਣ ਫੈਲਾਉਣ ਵਾਲੇ ਖੇਤਰਾਂ ਵਿਚ ਵਿਗਿਆਨ-ਆਧਾਰਿਤ ਕਾਰਵਾਈ ਦੀ ਲੋੜ ਹੈ।”