#EUROPE

2023 ‘ਚ ਹੁਣ ਤੱਕ 94 Media ਕਰਮੀਆਂ ਦੀ ਡਿਊਟੀ ਦੌਰਾਨ ਹੋਈ ਮੌਤ; ਕੌਮਾਂਤਰੀ ਫੈਡਰੇਸ਼ਨ ਫਿਕਰਮੰਦ

ਬ੍ਰੱਸਲਜ਼, 9 ਦਸੰਬਰ (ਪੰਜਾਬ ਮੇਲ)- ਪੱਤਰਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਇਕ ਅਹਿਮ ਸੰਸਥਾ ਨੇ ਡਿਊਟੀ ਦੌਰਾਨ ਮਾਰੇ ਗਏ ਮੀਡੀਆ ਕਰਮਚਾਰੀਆਂ ਲਈ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਹੈ ਕਿ 2023 ਵਿਚ ਹੁਣ ਤੱਕ 94 ਮੀਡੀਆ ਕਰਮੀਆਂ ਦੀ ਮੌਤ ਹੋਈ ਹੈ ਅਤੇ ਪਿਛਲੇ 30 ਸਾਲਾਂ ਤੋਂ ਵੱਧ ਵਰ੍ਹਿਆਂ ਵਿਚ ਕਿਸੇ ਵੀ ਸੰਘਰਸ਼ ਦੌਰਾਨ ਇੰਨੀ ਗਿਣਤੀ ਵਿਚ ਪੱਤਰਕਾਰਾਂ ਦੀ ਜਾਨ ਨਹੀਂ ਗਈ, ਜਿੰਨੇ ਪੱਤਰਕਾਰ ਇਜ਼ਰਾਈਲ ਤੇ ਹਮਾਸ ਯੁੱਧ ਦੌਰਾਨ ਮਾਰੇ ਗਏ ਹਨ।
ਪੱਤਰਕਾਰਾਂ ਦੀ ਕੌਮਾਂਤਰੀ ਫੈਡਰੇਸ਼ਨ (ਇੰਟਰਨੈਸ਼ਨਨ ਫੈਡਰੇਸ਼ਨ ਆਫ ਜਰਨਲਿਸਟਸ – ਆਈ.ਐੱਫ.ਜੇ.) ਨੇ ਮੀਡੀਆ ਕਰਮੀਆਂ ਦੀ ਮੌਤ ਬਾਰੇ ਜਾਰੀ ਕੀਤੇ ਸਾਲਾਨਾ ਅੰਕੜਿਆਂ ਵਿਚ ਦੱਸਿਆ ਹੈ ਕਿ ਮੌਜੂਦਾ ਵਰ੍ਹੇ ਹੁਣ ਤੱਕ 94 ਪੱਤਰਕਾਰ ਮਾਰੇ ਗਏ ਹਨ ਤੇ 400 ਤੋਂ ਵੱਧ ਪੱਤਰਕਾਰਾਂ ਨੂੰ ਜੇਲ੍ਹਾਂ ‘ਚ ਡੱਕਿਆ ਗਿਆ ਹੈ। ਫੈਡਰੇਸ਼ਨ ਨੇ ਅਫਗਾਨਿਸਤਾਨ, ਫਿਲਪੀਨਜ਼, ਭਾਰਤ, ਚੀਨ ਤੇ ਬੰਗਲਾਦੇਸ਼ ਵਿਚ ਮੀਡੀਆ ਕਰਮੀਆਂ ਦੀ ਮੌਤ ਸਬੰਧੀ ਘਟਨਾਵਾਂ ਦੀ ਨਿੰਦਾ ਕੀਤੀ ਹੈ। ਆਈ.ਐੱਫ.ਜੇ. ਨੇ ਪੱਤਰਕਾਰਾਂ ਲਈ ਬਿਹਤਰ ਸੁਰੱਖਿਆ ਪ੍ਰਬੰਧ ਕਰਨ ਅਤੇ ਉਨ੍ਹਾਂ ‘ਤੇ ਹਮਲਾ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕਰਨ ਦੀ ਅਪੀਲ ਕੀਤੀ ਹੈ। ਸੰਸਥਾ ਦੇ ਮੁਖੀ ਡੋਮੀਨਿਕ ਪ੍ਰਾਡਾਲੀ ਨੇ ਦੱਸਿਆ ਕਿ ਪੱਤਰਕਾਰਾਂ ਦੀ ਸੁਰੱਖਿਆ ਲਈ ਵਿਸ਼ਵ ਪੱਧਰੀ ਨਿਯਮ ਘੜਨੇ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਹਮਾਸ-ਇਜ਼ਰਾਈਲ ਜੰਗ ਨੂੰ ਕਵਰ ਕਰਨ ਵਾਲੇ 68 ਪੱਤਰਕਾਰਾਂ ਦੀ ਮੌਤ ਹੋਈ ਹੈ ਅਤੇ ਇਹ ਗਿਣਤੀ ਮੌਜੂਦਾ ਵਰ੍ਹੇ ਦੁਨੀਆਂ ਭਰ ਵਿਚ ਮਾਰੇ ਗਏ ਸਾਰੇ ਮੀਡੀਆ ਕਰਮੀਆਂ ਦੀ ਗਿਣਤੀ ਦਾ 72 ਫੀਸਦ ਹਿੱਸਾ ਹੈ। ਫੈਡਰੇਸ਼ਨ ਅਨੁਸਾਰ, ”ਆਈ.ਐੱਫ.ਜੇ. ਨੇ ਡਿਊਟੀ ਦੌਰਾਨ ਮਾਰੇ ਗਏ ਪੱਤਰਕਾਰਾਂ ਦਾ ਰਿਕਾਰਡ ਸਾਲ 1990 ਤੋਂ ਰੱਖਣਾ ਸ਼ੁਰੂ ਕੀਤਾ ਸੀ ਤੇ ਹੁਣ ਤੱਕ ਕਿਸੇ ਵੀ ਸੰਘਰਸ਼ ਦੌਰਾਨ ਇੰਨੇ ਪੱਤਰਕਾਰਾਂ ਦੀ ਮੌਤ ਨਹੀਂ ਹੋਈ, ਜਿੰਨੇ ਮੀਡੀਆ ਕਰਮੀ ਗਾਜ਼ਾ ਯੁੱਧ ਦੌਰਾਨ ਮਾਰੇ ਗਏ ਹਨ ਤੇ ਰੂਸ ਦੇ ਹਮਲੇ ਕਾਰਨ ਯੂਕਰੇਨ ਵੀ ਪੱਤਰਕਾਰਾਂ ਲਈ ਖਤਰਨਾਕ ਦੇਸ਼ ਬਣ ਗਿਆ ਹੈ।