#PUNJAB

2023 ‘ਚ ਲਾਂਘੇ ਰਾਹੀਂ 93,453 Indian ਸ਼ਰਧਾਲੂਆਂ ਨੇ ਕੀਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਮੇਲ)- ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਮਾਰਫ਼ਤ ਇਸ ਵਰ੍ਹੇ ਦੌਰਾਨ 93453 ਭਾਰਤੀ ਯਾਤਰੂ ਪਾਕਿਸਤਾਨ ਪਹੁੰਚੇ। ਇਸ ਵਰ੍ਹੇ ਦੌਰਾਨ 49,918 ਪਾਕਿਸਤਾਨੀ ਹਿੰਦੂ-ਸਿੱਖਾਂ, 1,73,314 ਪਾਕਿ ਮੁਸਲਿਮ ਅਤੇ ਈਸਾਈ ਵਿਜ਼ਟਰ, ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਵਾਹਗਾ ਰਸਤੇ ਜਾਣ ਵਾਲੇ 5628 ਭਾਰਤੀ ਨਾਗਰਿਕਾਂ ਸਮੇਤ 6248 ਵਿਦੇਸ਼ੀ ਯਾਤਰੂਆਂ (ਕੁੱਲ 3,28,561) ਨੇ ਇਸ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ।
ਕਰਤਾਰਪੁਰ ਲਾਂਘੇ ਦੀ ਦੇਖ-ਰੇਖ ਕਰਨ ਵਾਲੀ ਜਥੇਬੰਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਦੇ ਡਿਪਟੀ ਸਕੱਤਰ (ਪ੍ਰਬੰਧਨ) ਸੈਫਉੱਲਾ ਖੋਖਰ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਦੁਵੱਲੇ ਸਮਝੌਤੇ ਦੇ ਚੱਲਦਿਆਂ ਲਾਂਘੇ ਰਾਹੀਂ ਰੋਜ਼ਾਨਾ 5000 ਯਾਤਰੂ ਪਾਕਿ ਭੇਜਣ ਦਾ ਭਰੋਸਾ ਦਿੱਤਾ ਸੀ, ਉਸ ਹਿਸਾਬ ਨਾਲ ਇਸ ਵਰ੍ਹੇ ਕੁਲ ਗਿਣਤੀ ਦਾ ਸਿਰਫ਼ 5.19 ਫ਼ੀਸਦੀ ਭਾਰਤੀ ਯਾਤਰੂ ਹੀ ਲਾਂਘੇ ਰਾਹੀਂ ਪਾਕਿ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਉਕਤ ਦੇ ਇਲਾਵਾ ਇਸ ਵਰ੍ਹੇ ਦੌਰਾਨ ‘ਅਮਨ ਦਾ ਪੁਲ’ ਅਤੇ ‘ਮੁਹੱਬਤ ਦੀ ਰਾਹਦਾਰੀ’ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਇਹ ਲਾਂਘਾ ਦੇਸ਼ ਦੀ ਵੰਡ ਵੇਲੇ ਵਿੱਛੜੇ 23 ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲਾਉਣ ‘ਚ ਕਾਮਯਾਬ ਰਿਹਾ। ਪੀ.ਐੱਮ.ਯੂ. ਦੇ ਸੀ.ਈ.ਓ. ਅਬੂ ਬਕਰ ਆਫ਼ਤਾਬ ਕੁਰੈਸ਼ੀ ਨੇ ਦੱਸਿਆ ਕਿ ਇਸ ਸਾਲ ਦੌਰਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਰ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀਆਂ ਸਬਜ਼ੀਆਂ ਤੇ ਦਾਲਾਂ ਨਾਲ ਤਿਆਰ ਕੀਤੇ ਜਾਣ ਦੀ ਸ਼ੁਰੂਆਤ ਕੀਤੀ ਗਈ। ਇਸ ਵਰ੍ਹੇ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸਥਾਪਤ ਕੀਤਾ ਜਾਣਾ, ਰਾਵੀ ਦਰਿਆ ‘ਤੇ 270 ਮੀਟਰ ਲੰਬੇ ਪੁਲ ਦੀ ਉਸਾਰੀ ਦਾ ਵਧੇਰੇਤਰ ਕੰਮ ਮੁਕੰਮਲ ਕਰਨਾ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਕਲਚਰਲ ਪਾਰਕ ਦੀ ਉਸਾਰੀ, ਭਾਈ ਅਜੀਤਾ ਜੀ ਬਾਜ਼ਾਰ ‘ਚ ਦੁਕਾਨਾਂ ਦੀ ਗਿਣਤੀ 18 ਤੋਂ ਵਧਾ ਕੇ 40 ਕਰਨਾ, ਲਹਿੰਦੇ ਪੰਜਾਬ ਦੇ ਕੇਅਰ ਟੇਕਰ ਮੁੱਖ ਮੰਤਰੀ ਮੋਹਸਿਨ ਨਕਵੀ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਪੰਜ ਤਾਰਾ ਹੋਟਲ ‘ਦਰਸ਼ਨ ਰਿਜ਼ਾਰਟ’ ਦੀ ਸਥਾਪਨਾ ਦਾ ਐਲਾਨ ਕਰਨਾ ਆਦਿ ਨੂੰ ਸਾਲ 2023 ਦੀਆਂ ਉਪਲੱਬਧੀਆਂ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਦੇ ਨਾਲ ਹੀ ਲਗਭਗ ਪੂਰਾ ਵਰ੍ਹਾ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਯਾਤਰੂਆਂ ਤੋਂ ਪਾਕਿ ਵੱਲੋਂ ਪ੍ਰਤੀ ਯਾਤਰੂ 20 ਡਾਲਰ (ਲਗਭਗ 1660 ਭਾਰਤੀ ਰੁਪਏ ਅਤੇ 6000 ਪਾਕਿਸਤਾਨੀ ਰੁਪਏ) ਅਤੇ ਵਿਦੇਸ਼ੀ ਯਾਤਰੂਆਂ ਤੋਂ 5 ਡਾਲਰ ਯਾਤਰਾ ਖ਼ਰਚ ਵਸੂਲੇ ਜਾਣ ਸਮੇਤ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦਾ ਮਾਮਲਾ ਚਰਚਾ ‘ਚ ਬਣਿਆ ਰਿਹਾ।