#INDIA

2021-22 ‘ਚ 8 ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਹੋਈ 3289.34 ਕਰੋੜ ਦੀ ਕਮਾਈ

-ਭਾਰਤੀ ਜਨਤਾ ਪਾਰਟੀ ਰਹੀ ਅੱਵਲ
-ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੂਜੇ ਸਥਾਨ ‘ਤੇ
ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਦੇਸ਼ ਦੀਆਂ ਅੱਠ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਸਾਲ 2021-22 ਵਿੱਚ 3289.34 ਕਰੋੜ ਰੁਪਏ ਦੀ ਆਮਦਨ ਹੋਈ ਹੈ ਅਤੇ ਇਸ ਵਿੱਚੋਂ ਅੱਧੀ ਕਮਾਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹੈ। ਇਹ ਜਾਣਕਾਰੀ ਚੋਣ ਸੁਧਾਰਾਂ ਬਾਰੇ ਕੰਮ ਕਰਨ ਵਾਲੀ ਗ਼ੈਰਸਰਕਾਰੀ ਸੰਸਥਾ ਨੇ ਦਿੱਤੀ ਹੈ।
ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮਜ਼ ਅਨੁਸਾਰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ 545.745 ਕਰੋੜ ਦੀ ਆਮਦਨੀ ਦਾ ਵੇਰਵਾ ਦਿੱਤਾ ਹੈ ਜੋ ਕਿ ਇਸ ਸੂਚੀ ਵਿਚ ਦੂਜੇ ਨੰਬਰ ‘ਤੇ ਹੈ। ਇਸ ਸਿਆਸੀ ਪਾਰਟੀ ਦੀ ਆਮਦਨੀ ਅੱਠਾਂ ਸਿਆਸੀ ਪਾਰਟੀਆਂ ਦੀ ਆਮਦਨੀ ਦਾ 16.59 ਫੀਸਦੀ ਬਣਦਾ ਹੈ। ਸੰਸਥਾ ਨੇ ਇਹ ਵੇਰਵੇ ਸਿਆਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨਾਲ ਸਾਂਝੇ ਕੀਤੇ ਦਸਤਾਵੇਜ਼ਾਂ ਦੇ ਆਧਾਰ ‘ਤੇ ਨਸ਼ਰ ਕੀਤੇ ਹਨ।
ਇਸੇ ਦੌਰਾਨ ਭਾਜਪਾ ਨੇ ਸਾਲ 2021-22 ਵਿੱਚ 1917.12 ਕਰੋੜ ਦੀ ਆਮਦਨ ਹੋਣ ਦਾ ਵੇਰਵਾ ਦਿੱਤਾ ਹੈ ਤੇ 854.467 ਕਰੋੜ ਰੁਪਏ ਖਰਚ ਕੀਤੇ ਹਨ ਜੋ ਕਿ ਕੁੱਲ ਆਮਦਨ ਦਾ 44.57 ਹਿੱਸਾ ਹੈ। ਅੱਠਾਂ ਸਿਆਸੀ ਪਾਰਟੀਆਂ ਦੀ ਆਮਦਨੀ ਵਿੱਚ ਭਾਜਪਾ ਦਾ ਹਿੱਸਾ 44.57 ਫੀਸਦੀ ਬਣਦਾ ਹੈ। ਇਸੇ ਤਰ੍ਹਾਂ ਕਾਂਗਰਸ ਨੂੰ 541.275 ਕਰੋੜ ਦੀ ਆਮਦਨ ਹੋਈ ਹੈ ਤੇ ਪਾਰਟੀ ਨੇ 400.414 ਕਰੋੜ ਰੁਪਏ ਖਰਚ ਕੀਤੇ ਹਨ ਜੋ ਕਿ ਆਮਦਨ ਦਾ 73.98 ਫੀਸਦੀ ਹਿੱਸਾ ਹੈ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ ਨੇ ਸਾਲ 2021-22 ਵਿੱਚ 268.337 ਕਰੋੜ ਰੁਪਏ ਖਰਚੇ ਹਨ ਜੋ ਕਿ ਕੁੱਲ ਆਮਦਨ ਦਾ 49.17 ਫੀਸਦੀ ਹਿੱਸਾ ਹੈ। ਇਕ ਹੋਰ ਜਾਣਕਾਰੀ ਅਨੁਸਾਰ ਭਾਜਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਐੱਨ. ਸੀ. ਪੀ. ਨੂੰ ਆਪਣੀ ਕੁੱਲ ਆਮਦਨ ਦਾ 55.09 ਫੀਸਦੀ ਹਿੱਸਾ (1811.9425 ਕਰੋੜ ਰੁਪਏ) ਚੋਣ ਬਾਂਡਾਂ ਰਾਹੀਂ ਦਾਨ ਵਜੋਂ ਮਿਲੇ ਹਨ। ਸਾਲ 2020-21 ਤੋਂ 2021-22 ਵਿੱਚ ਭਾਜਪਾ ਦੀ ਆਮਦਨ ਵਿੱਚ 154.82 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ ਦੀ ਆਮਦਨ ਵਿੱਚ 633.36 ਫੀਸਦੀ ਦਾ ਵਾਧਾ ਹੋਇਆ ਹੈ ਤੇ ਕਾਂਗਰਸ ਪਾਰਟੀ ਦੀ ਆਮਦਨ ਮਹਿਜ਼ 89.41 ਫੀਸਦੀ ਵਧੀ ਹੈ।

Leave a comment