ਸੈਕਰਾਮੈਂਟੋ, 20 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਬਕਾ ਵਕੀਲ ਜੌਹਨ ਈਸਟਮੈਨ ਨੇ ਇਕ ਪਟੀਸ਼ਨ ਦਾਇਰ ਕਰਕੇ 2020 ਦੀਆਂ ਚੋਣਾਂ ਦੀ ਪ੍ਰਮਾਣਿਕਤਾ ਨੂੰ ਰੋਕਣ ਦੇ ਮਾਮਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਉਨ੍ਹਾਂ ਨੇ ਮੈਰੀਕੋਪਟ ਕਾਊਂਟੀ ਕੋਰਟ ਵਿਚ ਪੇਸ਼ ਹੋ ਕੇ ਅਪੀਲ ਦਾਇਰ ਕੀਤੀ। ਜੌਹਨ ਈਸਟਮੈਨ ਉਨ੍ਹਾਂ 18 ਵਿਅਕਤੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਵਿਰੁੱਧ ਐਰੀਜ਼ੋਨਾ ‘ਚ ਪਿਛਲੇ ਮਹੀਨੇ ਤਕਰੀਬਨ 4 ਸਾਲ ਪਹਿਲਾਂ ਚੋਣਾਂ ਨਤੀਜਿਆਂ ਵਿਚ ਵਿਘਣ ਪਾਉਣ ਦੇ ਮਾਮਲੇ ਵਿਚ ਦੋਸ਼ ਲਾਏ ਗਏ ਹਨ ਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿਰੁੱਧ ਸਾਜ਼ਿਸ਼ ਰਚਣ, ਜਾਅਲਸਾਜ਼ੀ ਤੇ ਧੋਖਾਦੇਹੀ ਸਮੇਤ ਕੁੱਲ 9 ਅਪਰਾਧਿਕ ਦੋਸ਼ ਲਾਏ ਗਏ ਹਨ। ਜੇਕਰ ਇਹ ਦੋਸ਼ ਸਿੱਧ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਸੁਣਵਾਈ ਉਪਰੰਤ ਈਸਟਮੈਨ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਮੇਰੇ ਵਿਰੁੱਧ ਦੋਸ਼ ਆਇਦ ਨਹੀਂ ਹੋਣੇ ਚਾਹੀਦੇ।