ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ 2020 ‘ਚ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਲਈ ਯੂ.ਐੱਸ. ਕੈਪੀਟਲ ਉੱਤੇ ਆਪਣੇ ਸਮਰਥਕਾਂ ਰਾਹੀਂ ਹਿੰਸਾ ਕਰਵਾਉਣ ਦੇ ਮਾਮਲੇ ਵਿਚ ਮੰਗਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਸਟਿਸ ਡਿਪਾਰਟਮੈਂਟ ਵੱਲੋਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਸ਼ਾਂਤਮਈ ਢੰਗ ਨਾਲ ਤਬਦੀਲ ਕਰਨ ਦੇ ਰਾਹ ਵਿਚ ਅੜਿੱਕਾ ਡਾਹੁਣ ਤੇ ਅਮਰੀਕਾ ਦੀ ਜਮਹੂਰੀਅਤ ਨੂੰ ਖਤਰਾ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਮੁਜਰਮਾਨਾਂ ਢੰਗ ਦਾ ਸਹਾਰਾ ਲੈਣ ਵਾਸਤੇ ਟਰੰਪ ਨੂੰ ਦੋਸ਼ੀ ਐਲਾਨਿਆ ਗਿਆ ਹੈ।
ਟਰੰਪ ਖਿਲਾਫ ਇਹ ਤੀਜਾ ਮੁਜਰਮਾਨਾਂ ਮਾਮਲਾ ਸੀ, ਜਿਸ ਦੀ ਫੈਡਰਲ ਜਾਂਚ ਤੇ ਜਨਤਕ ਸੁਣਵਾਈ ਪਹਿਲਾਂ ਹੀ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਚੋਣਾਂ ਦੇ ਨਤੀਜਿਆਂ ਬਾਰੇ ਟਰੰਪ ਵੱਲੋਂ ਝੂਠ ਬੋਲਿਆ ਗਿਆ ਤੇ ਉਸ ਸਮੇਂ ਵੀ ਉਨ੍ਹਾਂ ਕੁੱਝ ਨਹੀਂ ਆਖਿਆ, ਜਦੋਂ ਉਨ੍ਹਾਂ ਦੇ ਸਮਰਥਕ ਕੈਪੀਟਲ ਵੱਲ ਪੂਰੀ ਤੈਸ਼ ਵਿਚ ਆ ਕੇ ਵਧਣ ਲੱਗੇ। ਟਰੰਪ ‘ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਸਭ ਕੁੱਝ ਜਾਣਦਿਆਂ ਹੋਇਆਂ ਵੀ ਹਿੰਸਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਗੋਂ ਜਦੋਂ ਉਨ੍ਹਾਂ ਨੂੰ ਆਪਣੀ ਹਾਰ ਨਜ਼ਰ ਆਉਣ ਲੱਗੀ, ਤਾਂ ਉਨ੍ਹਾਂ ਵੋਟਾਂ ਦੀ ਗਿਣਤੀ ਨੂੰ ਰੋਕਣ ਲਈ ਆਪਣੇ ਸਮਰਥਕਾਂ ਦੀਆਂ ਭਾਵਨਾਂਵਾਂ ਨੂੰ ਹੋਰ ਭੜਕਾਇਆ।
ਅਜਿਹਾ ਪਹਿਲੀ ਵਾਰੀ ਹੋਇਆ ਕਿ ਇੱਕ ਹਾਰੇ ਹੋਏ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ, ਜੋ ਕਿ ਅਗਲੀ ਵਾਰੀ ਲਈ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਨੌਮੀਨੇਸ਼ਨ ਦਾ ਦਾਅਵੇਦਾਰ ਸੀ, ਨੂੰ ਸੱਤਾ ਨਾਲ ਚਿੰਬੜੇ ਰਹਿਣ ਦੀ ਆਪਣੀ ਭੁੱਖ ਕਾਰਨ ਤੇ ਸੱਤਾ ਹਥਿਆਉਣ ਦੀਆਂ ਆਪਣੀਆਂ ਅਸਫਲ ਕੋਸ਼ਿਸ਼ਾਂ ਕਾਰਨ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਸਟਿਸ ਡਿਪਾਰਟਮੈਂਟ ਦੇ ਸਪੈਸ਼ਲ ਕਾਊਂਸਲ ਜੈਕ ਸਮਿੱਥ, ਜਿਨ੍ਹਾਂ ਦੇ ਆਫਿਸ ਵੱਲੋਂ ਟਰੰਪ ਦੇ ਮਾਮਲੇ ਦੀ ਕਈ ਮਹੀਨਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ, ਨੇ ਆਖਿਆ ਕਿ ਦੇਸ਼ ਦੀ ਕੈਪੀਟਲ ਉੱਤੇ 6 ਜਨਵਰੀ, 2021 ਨੂੰ ਹੋਏ ਹਮਲੇ ਨੂੰ ਅਮਰੀਕੀ ਜਮਹੂਰੀਅਤ ‘ਤੇ ਹਮਲਾ ਮੰਨਿਆ ਜਾਵੇਗਾ। ਇਸ ਹਮਲੇ ਨੂੰ ਝੂਠ ਦਾ ਸਹਾਰਾ ਲੈ ਕੇ ਭੜਕਾਇਆ ਗਿਆ, ਅਮਰੀਕੀ ਸਰਕਾਰ ਦੇ ਕੰਮਕਾਜ ਵਿਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੈਜ਼ੀਡੈਂਸ਼ੀਅਲ ਚੋਣਾਂ ਦੇ ਨਤੀਜਿਆਂ ਨੂੰ ਐਲਾਨਣ ਤੇ ਵੋਟਾਂ ਦੀ ਗਿਣਤੀ ਦੇ ਰਾਹ ਵਿਚ ਵਿਘਣ ਪਾਇਆ।
ਇਸ ਦੌਰਾਨ ਟਰੰਪ ਕੈਂਪੇਨ ਵੱਲੋਂ ਇਨ੍ਹਾਂ ਚਾਰਜਿਜ਼ ਨੂੰ ਝੂਠਾ ਦੱਸਿਆ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਜੇ ਇਹੋ ਗੱਲ ਸੀ, ਤਾਂ ਇਸ ਨੂੰ ਸਾਹਮਣੇ ਲਿਆਉਣ ਲਈ ਢਾਈ ਸਾਲ ਦਾ ਸਮਾਂ ਕਿਉਂ ਲੱਗਿਆ।