#AMERICA

2020 ਵਿਚ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਦਾ ਮਾਮਲਾ : ਸਾਬਕਾ ਰਾਸ਼ਟਰਪਤੀ ਟਰੰਪ ਵਿਰੁੱਧ ਮੁਕੱਦਮਾ ਚਲਾਉਣ ਬਾਰੇ ਨਿਰਨਾ ਸੁਪਰੀਮ ਕੋਰਟ ਕਰੇਗੀ

ਸੈਕਰਾਮੈਂਟੋ,ਕੈਲੀਫੋਰਨੀਆ, 1 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ 2020 ਵਿਚ ਚੋਣ ਨਤੀਜੇ ਉਲਟਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਾਂ ਨਹੀਂ ਇਸ ਸਬੰਧੀ ਉਹ ਅਪ੍ਰੈਲ ਵਿਚ ਸੁਣਵਾਈ ਕਰੇਗੀ। ਸੁਪਰੀਮ ਕੋਰਟ ਦੀ ਇਸ ਸਹਿਮਤੀ ਨਾਲ ਸਾਬਕਾ ਰਾਸ਼ਟਰਪਤੀ ਵਿਰੁੱਧ ਇਸ ਸਾਲ ਨਵੰਬਰ ਵਿਚ ਹੋ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਮਾਮਲਾ ਨਿਬੜ ਜਾਣ ਦੀ ਸੰਭਾਵਨਾ ਬਣੀ ਹੈ। ਸੁਪਰੀਮ ਕੋਰਟ ਨੇ 22 ਅਪ੍ਰੈਲ ਤੋਂ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ ਕਿ ਕੀ ਕਿਸੇ ਰਾਸ਼ਟਰਪਤੀ ਵਿਰੁੱਧ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਵਹਾਰ ਕਾਰਨ ਅਪਰਾਧਕ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ? ਸਮਝਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਦੀ ਸਹਿਮਤੀ ਸਾਬਕਾ ਰਾਸ਼ਟਰਪਤੀ ਦੀ ਜਿੱਤ ਹੈ ਜਿਸ ਨੇ ਹੇਠਲੀ ਅਦਾਲਤ ਦੇ ਨਿਰਨੇ ਨੂੰ ਚੁਣੌਤੀ ਦਿੱਤੀ ਹੈ ਜਿਸ ਅਦਾਲਤ ਨੇ ਆਪਣੇ ਨਿਰਨੇ ਵਿਚ ਕਿਹਾ ਸੀ ਕਿ ਰਾਸ਼ਟਰਪਤੀ ਨੂੰ ਮੁਕੱਦਮੇ ਤੋਂ ਛੋਟ ਨਹੀਂ ਹੈ। ਸੁਪਰੀਮ ਕੋਰਟ ਦੀ ਸਹਿਮਤੀ ਉਪਰੰਤ ਟਰੰਪ ਨੇ ਸੋਸ਼ਲ ਮੀਡੀਆ ਉਪਰ ਲਿਖਿਆ ਹੈ ” ਮੁਕੱਦਮੇ ਤੋਂ ਛੋਟ ਬਿਨਾਂ ਇਕ ਰਾਸ਼ਟਰਪਤੀ ਉਚਿੱਤ ਢੰਗ ਨਾਲ ਕੰਮ ਨਹੀਂ ਕਰ ਸਕਦਾ ਤੇ ਦੇਸ਼ ਦੇ ਹਿੱਤ ਵਿਚ ਨਿਰਨੇ ਨਹੀਂ ਲੈ ਸਕਦਾ।”