#AMERICA

2001 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ‘ਚ ਕਮੀ

-ਐੱਨ.ਟੀ.ਟੀ.ਓ. ਦੇ ਅੰਕੜਿਆਂ ਅਨੁਸਾਰ ਜੂਨ ਵਿਚ 2,10,000 ਭਾਰਤੀ ਅਮਰੀਕਾ ਆਏ, ਜੋ ਪਿਛਲੇ ਸਾਲ ਦੇ 2,30,000 ਨਾਲੋਂ ਘੱਟ ਹਨ
ਵਾਸ਼ਿੰਗਟਨ, 8 ਸਤੰਬਰ (ਪੰਜਾਬ ਮੇਲ)- ਜੂਨ 2025 ਵਿਚ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਗਿਰਾਵਟ ਆਈ। ਕੋਵਿਡ-19 ਦੇ ਸਾਲਾਂ ਨੂੰ ਛੱਡਕੇ ਇਹ ਪਿਛਲੇ ਵੀਹ ਸਾਲਾਂ ਵਿਚ ਪਹਿਲੀ ਵਾਰ ਵੱਡੀ ਗਿਰਾਵਟ ਸਾਹਮਣੇ ਆਈ ਹੈ।
ਅਮਰੀਕੀ ਵਪਾਰ ਵਿਭਾਗ ਦੇ ਨੈਸ਼ਨਲ ਟਰੈਵਲ ਐਂਡ ਟੂਰਿਜ਼ਮ ਆਫ਼ਿਸ (ਐੱਨ.ਟੀ.ਟੀ.ਓ.) ਦੇ ਅੰਕੜਿਆਂ ਅਨੁਸਾਰ ਜੂਨ ਵਿਚ 2,10,000 ਭਾਰਤੀ ਅਮਰੀਕਾ ਆਏ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ 2,30,000 ਨਾਲੋਂ 8 ਫ਼ੀਸਦੀ ਘੱਟ ਸਨ। ਜੁਲਾਈ ਦੇ ਅੰਕੜੇ ਵੀ ਗਿਰਾਵਟ ਵੱਲ ਇਸ਼ਾਰਾ ਕਰਦੇ ਹਨ, ਜਿਸ ਵਿਚ ਆਉਣ ਵਾਲਿਆਂ ਦੀ ਗਿਣਤੀ ਜੁਲਾਈ 2024 ਨਾਲੋਂ 5.5 ਫ਼ੀਸਦੀ ਘੱਟ ਰਹੀ।
ਐੱਨ.ਟੀ.ਟੀ.ਓ. ਦੇ ਅੰਕੜਿਆਂ ਅਨੁਸਾਰ, ਜੂਨ ਵਿਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 6.2 ਫੀਸਦੀ, ਮਈ ਵਿਚ 7 ਫੀਸਦੀ, ਮਾਰਚ ਵਿਚ 8 ਫੀਸਦੀ ਅਤੇ ਫਰਵਰੀ ਵਿਚ 1.9 ਫੀਸਦੀ ਘਟੀ। ਸਿਰਫ ਜਨਵਰੀ ਅਤੇ ਅਪ੍ਰੈਲ ਵਿਚ ਕ੍ਰਮਵਾਰ 4.7 ਫੀਸਦੀ ਅਤੇ 1.3 ਫੀਸਦੀ ਦਾ ਵਾਧਾ ਦੇਖਿਆ ਗਿਆ।
ਭਾਰਤ ਹਾਲੇ ਵੀ ਅੰਤਰਰਾਸ਼ਟਰੀ ਯਾਤਰੀਆਂ ਦਾ ਚੌਥਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਕੈਨੇਡਾ ਅਤੇ ਮੈਕਸੀਕੋ (ਜਿਨ੍ਹਾਂ ਦੀ ਅਮਰੀਕਾ ਨਾਲ਼ ਜ਼ਮੀਨੀ ਸਰਹੱਦ ਹੈ) ਨੂੰ ਛੱਡ ਕੇ, ਭਾਰਤ, ਯੂਨਾਈਟਡ ਕਿੰਗਡਮ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਬਜ਼ਾਰ ਹੈ, ਜਦਕਿ ਬ੍ਰਾਜ਼ੀਲ ਟੌਪ-ਫਾਈਵ ਵਿਚ ਸ਼ਾਮਲ ਹੁੰਦਾ ਹੈ। ਐੱਨ.ਟੀ.ਟੀ.ਓ. ਨੇ ਕਿਹਾ, ”ਇਹ ਪੰਜ ਚੋਟੀ ਦੇ ਦੇਸ਼ ਮਿਲ ਕੇ ਜੂਨ ਵਿਚ ਕੁੱਲ ਅੰਤਰਰਾਸ਼ਟਰੀ ਆਉਣ ਵਾਲਿਆਂ ਦਾ 59.4 ਫ਼ੀਸਦੀ ਹਿੱਸਾ ਬਣਾਉਂਦੇ ਹਨ।”
ਆਉਣ ਵਾਲਿਆਂ ਵਿਚ ਇਹ ਕਮੀ ਉਸ ਸਮੇਂ ਆਈ ਹੈ, ਜਦੋਂ ਅਮਰੀਕੀ ਟੂਰਿਜ਼ਮ ਖੇਤਰ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਲਾਸ ਵੇਗਸ, ਲਾਸ ਏਂਜਲਸ ਅਤੇ ਬਫ਼ੇਲੋ ਵਰਗੇ ਵੱਡੇ ਸ਼ਹਿਰ ਪਹਿਲਾਂ ਹੀ ਯਾਤਰੀਆਂ ਦੀ ਗਿਣਤੀ ਵਿਚ ਵੱਡੀ ਕਮੀ ਦੀ ਰਿਪੋਰਟ ਕਰ ਚੁੱਕੇ ਹਨ। ਵਿਸ਼ਲੇਸ਼ਕ ਇਸ ਦਾ ਕਾਰਨ ਪਾਬੰਦੀਸ਼ੁਦਾ ਯਾਤਰਾ ਨੀਤੀਆਂ, ਵਪਾਰਕ ਤਣਾਅ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੂਜੀ ਟਰਮ ਵਿਚ ਸਖ਼ਤ ਵੀਜ਼ਾ ਨਿਯਮਾਂ ਨੂੰ ਜ਼ਿੰਮੇਵਾਰ ਮੰਨਦੇ ਹਨ।
ਦਬਾਅ ਹੋਰ ਵਧਾਉਂਦਿਆਂ, ਵਾਸ਼ਿੰਗਟਨ ਹੁਣ ਇੱਕ ਨਵਾਂ ”ਵੀਜ਼ਾ ਇੰਟੈਗਰਿਟੀ ਫ਼ੀਸ” 250 ਡਾਲਰ ਲਗਾਉਣ ਜਾ ਰਿਹਾ ਹੈ, ਜਿਸ ਨਾਲ਼ ਇੱਕ ਅਮਰੀਕੀ ਵੀਜ਼ਾ ਦੀ ਕੁੱਲ ਲਾਗਤ ਲਗਭਗ 442 ਡਾਲਰ ਹੋ ਜਾਵੇਗੀ। ਲੰਬੇ ਪ੍ਰੋਸੈਸਿੰਗ ਸਮੇਂ ਅਤੇ ਸਖ਼ਤ ਯੋਗਤਾ ਨਿਯਮਾਂ ਦੇ ਨਾਲ਼ ਮਿਲ ਕੇ, ਇਹ ਕਦਮ ਅਜਿਹੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਹੋਰ ਬੋਝ ਪਾਏਗਾ, ਜਿਨ੍ਹਾਂ ਲਈ ਵੀਜ਼ਾ ਛੂਟ ਨਹੀਂ ਹੈ, ਜਿਵੇਂ ਭਾਰਤ, ਬ੍ਰਾਜ਼ੀਲ, ਚੀਨ ਅਤੇ ਅਰਜਨਟੀਨਾ।