#INDIA

200 ਕਰੋੜ ਫਿਰੌਤੀ ਮਾਮਲਾ: ਸੁਕੇਸ਼ ਚੰਦਰਸ਼ੇਖਰ ਵੱਲੋਂ ਅਦਿਤੀ ਸਿੰਘ ਨੂੰ 217 ਕਰੋੜ ਰੁਪਏ ਦੇ ਸਮਝੌਤੇ ਦੀ ਪੇਸ਼ਕਸ਼

ਨਵੀਂ ਦਿੱਲੀ, 27 ਦਸੰਬਰ (ਪੰਜਾਬ ਮੇਲ)- ਜੇਲ੍ਹ ਵਿਚ ਬੰਦ ਮੁਲਜ਼ਮ ਸੁਕੇਸ਼ ਚੰਦਰਸ਼ੇਖਰ ਨੇ ਪਟਿਆਲਾ ਹਾਊਸ ਕੋਰਟ ਦੇ ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਦੀ ਅਦਾਲਤ ਵਿਚ ਇੱਕ ਅਰਜ਼ੀ ਦਾਇਰ ਕਰਕੇ 200 ਕਰੋੜ ਰੁਪਏ ਦੇ ਫਿਰੌਤੀ ਮਾਮਲੇ ਵਿਚ ਸ਼ਿਕਾਇਤਕਰਤਾ ਅਦਿਤੀ ਸਿੰਘ ਨੂੰ 217 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਸੁਕੇਸ਼ ਦੇ ਵਕੀਲ ਅਨੰਤ ਮਲਿਕ ਰਾਹੀਂ ਦਾਇਰ ਇਸ ਅਰਜ਼ੀ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪੇਸ਼ਕਸ਼ ਸੁਕੇਸ਼ ਦੇ ਅਧਿਕਾਰਾਂ ਨਾਲ ਸਮਝੌਤਾ ਕੀਤੇ ਬਿਨਾਂ ਕੀਤੀ ਗਈ ਹੈ ਅਤੇ ਇਸ ਦਾ ਮਤਲਬ ਗੁਨਾਹ ਕਬੂਲ ਕਰਨਾ ਨਹੀਂ ਹੈ।
ਅਦਾਲਤ ਵੱਲੋਂ ਇਸ ਮਾਮਲੇ ‘ਤੇ 3 ਜਨਵਰੀ 2026 ਨੂੰ ਵਿਚਾਰ ਕੀਤੇ ਜਾਣ ਦੀ ਉਮੀਦ ਹੈ। ਚੰਦਰਸ਼ੇਖਰ, ਜੋ ਇਸ ਵੇਲੇ ਨਿਆਂਇਕ ਹਿਰਾਸਤ ਵਿਚ ਹੈ, ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਜਾਵੇ, ਤਾਂ ਜੋ ਸਮਝੌਤੇ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਸੁਕੇਸ਼ ‘ਤੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਸ਼ਿਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਦੀਆਂ ਪਤਨੀਆਂ ਨਾਲ 200 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਸੀ।
ਦਿੱਲੀ ਪੁਲਿਸ ਅਨੁਸਾਰ ਸੁਕੇਸ਼ ਅਤੇ ਉਸ ਦੇ ਸਾਥੀਆਂ ਨੇ ਅਪਰਾਧ ਦੀ ਕਮਾਈ ਨੂੰ ਲੁਕਾਉਣ ਲਈ ਹਵਾਲਾ ਚੈਨਲਾਂ ਅਤੇ ਸ਼ੈੱਲ ਕੰਪਨੀਆਂ ਦੇ ਨੈੱਟਵਰਕ ਦੀ ਵਰਤੋਂ ਕੀਤੀ ਸੀ। ਫਿਲਹਾਲ ਅਦਾਲਤ ਨੇ ਇਸ ਸਮਝੌਤੇ ਦੀ ਅਰਜ਼ੀ ‘ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।