#PUNJAB

200 ਕਰੋੜ ਦੀ ਆਈਸ Drugs ਤਸਕਰੀ ਮਾਮਲੇ ‘ਚ ਦੋਸ਼ ਸਾਬਤ ਨਾ ਹੋਣ ‘ਤੇ ਰਾਜਾ ਕੰਦੋਲਾ ਸਮੇਤ 13 ਬਰੀ

ਜਲੰਧਰ, 21 ਦਸੰਬਰ (ਪੰਜਾਬ ਮੇਲ)- ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ 200 ਕਰੋੜ ਦੀ ਆਈਸ ਤਸਕਰੀ ਦੇ ਮਾਮਲੇ ‘ਚ ਦੋਸ਼ ਸਾਬਤ ਨਾ ਹੋਣ ‘ਤੇ ਇੰਟਰਨੈਸ਼ਨਲ ਡਰੱਗਸ ਤਸਕਰੀ ਦੇ ਸਰਗਣਾ ਦੱਸੇ ਜਾਣ ਵਾਲੇ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਪੁੱਤਰ ਕੇਵਲ ਸਿੰਘ ਵਾਸੀ ਰੂਪੋਵਾਲ (ਬੰਗਾ), ਰਾਜਵੰਤ ਕੌਰ ਪਤਨੀ ਰਾਜਾ ਕੰਦੋਲਾ, ਬੇਲੀ ਸਿੰਘ ਪੁੱਤਰ ਰਾਜਾ ਕੰਦੋਲਾ, ਸੁਖਜਿੰਦਰ ਸਿੰਘ ਉਰਫ਼ ਕਮਾਂਡੋ, ਸੁਖਵਿੰਦਰ ਸਿੰਘ ਉਰਫ਼ ਲੱਡੂ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ ਉਰਫ਼ ਸੁੱਖਾ, ਹਰਮੀਤ ਸਿੰਘ ਉਰਫ਼ ਪ੍ਰਿੰਸ, ਨਿਸ਼ਾਂਤ ਸਿੰਘ ਉਰਫ਼ ਟੋਨੀ, ਰਣਵੀਰ ਸਿੰਘ, ਅਮਨਪ੍ਰੀਤ ਸਿੰਘ ਉਰਫ਼ ਜੱਗੂ, ਕੁਲਬੀਰ ਸਿੰਘ ਅਤੇ ਅਮਨਦੀਪ ਸਿੰਘ ਚੀਮਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ 1 ਜੂਨ 2012 ਨੂੰ ਥਾਣਾ ਕਰਤਾਰਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕੇਸ ‘ਚ ਕੁੱਲ 24 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਪਰ ਕੁਝ ਇਸ ਕੇਸ ‘ਚ ਭਗੌੜੇ ਹਨ ਤੇ ਕੁਝ ਦੀ ਮੌਤ ਹੋ ਚੁੱਕੀ ਹੈ ਤੇ ਰਾਜਾ ਕੰਦੋਲਾ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਉਸ ਦੀ ਪਤਨੀ ਅਤੇ ਲੜਕੇ ਦੀ ਵੀ ਗ੍ਰਿਫਤਾਰੀ ਕੀਤੀ ਗਈ ਸੀ ਤੇ ਇਨ੍ਹਾਂ ਖ਼ਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਰਾਜਾ ਕੰਦੋਲਾ ਤੇ ਸੁਖਜਿੰਦਰ ਸਿੰਘ ਉਰਫ਼ ਕਮਾਂਡੋ ਵੀ ਤਿਹਾੜ ਜੇਲ੍ਹ ਵਿਚ ਹੀ ਸਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਾ ਕੰਦੋਲਾ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ ਪੁਲਿਸ ਨੇ ਸੀ.ਆਈ.ਏ. ਦੇ ਇੰਸਪੈਕਟਰ ਇੰਦਰਜੀਤ ਸਿੰਘ, ਅੰਗਰੇਜ ਸਿੰਘ ਅਤੇ ਹੋਰ ਪੁਲਿਸ ਵਾਲਿਆਂ ਦੀ ਟੀਮ ਨਾਲ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਿਹਾ ਕਿ ਕਿਹਾ ਕਿ ਇਨ੍ਹਾਂ ਕੋਲੋਂ 200 ਕਰੋੜ ਦੀ 19 ਕਿੱਲੋਂ ਗਰਾਮ ਆਈਸ (ਮੈਥਾ-ਐਮ-ਫੈਟਾਮਾਈਨ) ਬਰਾਮਦ ਕੀਤੀ ਗਈ ਹੈ। ਵਕੀਲ ਮਨਦੀਪ ਸਿੰਘ ਸਚਦੇਵਾ ਨੇ ਜਾਣਕਾਰੀ ਦਿੰਦੇ ਹੋਏ ਦੱੱਸਿਆ ਕਿ ਉਨ੍ਹਾਂ ਅਦਾਲਤ ‘ਚ ਬਚਾਅ ਪੱਖ ਵੱਲੋਂ ਕੀਤੀ ਬਹਿਸ ਦੌਰਾਨ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ ਜੋ ਵੀ ਮਾਮਲਾ ਦਰਜ ਕੀਤਾ ਸੀ, ਉਹ ਬਿਲਕੁੱਲ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਜਿਸ 200 ਕਰੋੜ ਦੀ ਆਈਸ ਤਸਕਰੀ ਦਾ ਦੋਸ਼ ਉਨ੍ਹਾਂ ਦੇ ਮੁਵੱਕਿਲ ‘ਤੇ ਲਗਾਇਆ ਸੀ, ਉਸ ਆਈਸ ਦੀ ਬਰਾਮਦਗੀ ਦੇ ਸਬੂਤ ਪੁਲਿਸ ਅਦਾਲਤ ‘ਚ ਵਿਖਾ ਹੀ ਨਹੀਂ ਸਕੀ। ਇਸ ਤੋਂ ਇਲਾਵਾ ਜਿਸ ਘਰ ‘ਚੋਂ ਪੁਲਿਸ ਨੇ ਹੈਰੋਇਨ ਬਰਾਮਦ ਕੀਤੀ ਸੀ, ਉਹ ਘਰ ਵੀ ਉਨ੍ਹਾਂ ਦੇ ਮੁਵੱਕਿਲ ਦਾ ਨਹੀਂ ਸੀ। ਇਸ ਤੋਂ ਇਲਾਵਾ ਜਿਸ ਇੰਸਪੈਕਟਰ ਇੰਦਰਜੀਤ ਸਿੰਘ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਸੀ, ਉਹ ਆਪ ਨਸ਼ੀਲੇ ਪਦਾਰਥਾਂ ਦੇ ਮਾਮਲੇ ‘ਚ ਜੇਲ੍ਹ ‘ਚ ਹੈ। ਬੁੱਧਵਾਰ ਨੂੰ ਅਦਾਲਤ ਨੇ ਦੋਵਾਂ ਪੱਖ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਸੂਬਤਾਂ ਦੀ ਘਾਟ ਦੇ ਮੱਦੇਨਜ਼ਰ ਇਨ੍ਹਾਂ ਸਾਰਿਆਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ। ਇਥੇ ਇਹ ਵੀ ਜਿਕਰਯੋਗ ਹੈ ਕਿ ਨਵੰਬਰ ਮਹੀਨੇ ਹੀ ਰਾਜਾ ਕੰਦੋਲਾ, ਪਤਨੀ ਅਤੇ ਉਸ ਦਾ ਲੜਕਾ ਅਦਾਲਤੀ ਕੰਪਲੈਕਸ ਵਿਚੋਂ ਪੇਸ਼ੀ ਦੌਰਾਨ ਫਰਾਰ ਹੋਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ‘ਚ ਬਰੀ ਹੋ ਚੁੱਕੇ ਹਨ ਪਰ ਈ. ਡੀ. ਸਬੰਧੀ ਕੇਸ ਅਜੇ ਚੱਲ ਰਹੇ ਹਨ।