#PUNJAB

20 ਨੂੰ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ’ਚ ਪ੍ਰਦਰਸ਼ਨ ਕਰੇਗੀ

ਅੰਮ੍ਰਿਤਸਰ, 3 ਦਸੰਬਰ (ਪੰਜਾਬ ਮੇਲ)- ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਅਜੇ ਤੱਕ ਸਜ਼ਾ ਮੁਆਫ਼ ਨਹੀਂ ਹੋਈ ਹੈ। ਜਿਸ ਨੂੰ ਲੈ ਕੇ ਰਾਜੋਆਣਾ ਨੇ  ਭੁੱਖ ਹੜਤਾਲ ‘ਤੇ ਬੈਠਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਧਾਮੀ ਨੇ ਕਿਹਾ ਕਿ ਅਸੀਂ ਰਾਜੋਆਣਾ ਨੂੰ ਅਪੀਲ ਕੀਤੀ ਸੀ ਕਿ ਉਹ ਭੁੱਖ ਹੜਤਾਲ ਨਾ ਕਰਨ। ਉਨ੍ਹਾਂ ਕਿਹਾ ਕਿ ਰਾਜੋਆਣਾ ਦੇ ਇਸ ਫੈਸਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਉਨ੍ਹਾਂ ਨੂੰ ਕੱਲ੍ਹ ਮਿਲਣ ਜਾ ਰਿਹਾ ਹੈ ਤਾਂ ਜੋ ਉਹ ਇਸ ਸੰਘਰਸ਼ ‘ਚ ਆਪਣੀ ਅਪੀਲ ਵਾਪਸ ਲੈਂਣ ਅਤੇ ਭੁੱਖ ਹੜਤਾਲ ਨਾ ਕਰਨ। ਇਸ ਤੋਂ ਇਲਾਵਾ ਪ੍ਰਧਾਨ ਧਾਮੀ ਨੇ ਕਿਹਾ ਕਿ ਉਹ 20 ਦਸੰਬਰ ਨੂੰ 12 ਵਜੇ ਬੰਗਲਾ ਸਾਹਿਬ ਦਿੱਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਪ੍ਰਫ਼ਾਰਮੇ ਲੈ ਕੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਮੁੱਦੇ ਲਈ ਸਾਰੇ ਆਗੂ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਮੁੱਚੇ ਖ਼ਾਲਸਾ ਪੰਥ ਦੇ ਜਥੇਬੰਦੀਆਂ, ਦਮਦਮੀ ਟਕਸਾਲ ਅਤੇ ਕਿਸਾਨ ਜਥੇਬੰਦੀਆਂ ਵੀ ਇਸ ਮੁੱਦੇ ‘ਤੇ ਦਿੱਲੀ ਮਾਰਚ ਲਈ ਸ਼ਾਮਲ ਹੋਣ ਤਾਂ ਜੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪ੍ਰਫ਼ਾਰਮੇ ਦਿੱਤੇ ਜਾਣ।