#AMERICA

2 ਕਾਲੇ ਵਿਅਕਤੀਆਂ ਉਪਰ ਤਸ਼ੱਦਦ ਦਾ ਮਾਮਲਾ- 6 ਸਾਬਕਾ ਗੋਰੇ ਪੁਲਿਸ ਅਫਸਰਾਂ ਨੂੰ 10 ਤੋਂ 40 ਸਾਲ ਤੱਕ ਕੈਦ ਦੀ ਸਜ਼ਾ

ਸੈਕਰਾਮੈਂਟੋ, ਕੈਲੀਫੋਰਨੀਆ, 23 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਜੈਕਸਨ (ਮਿਸੀਸਿੱਪੀ) ਵਿਖੇ ਜਨਵਰੀ 2023 ਵਿਚ 2 ਕਾਲੇ ਵਿਅਕਤੀਆਂ ਉਪਰ ਤਸ਼ੱਦਦ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ 6 ਮਿਸੀਸਿੱਪ ਲਾਅ ਇਨਫੋਰਸਮੈਂਟ ਦੇ 6 ਸਾਬਕਾ ਗੋਰੇ ਅਫਸਰਾਂ ਨੂੰ ਲੰਬਾ ਸਮਾਂ ਸੰਘੀ ਜੇਲ ਵਿਚ ਬਿਤਾਉਣਾ ਪਵੇਗਾ। ਇਨਾਂ ਸਾਰੇ ਸਾਬਕਾ ਡਿਪਟੀਆਂ ਨੇ ਆਪਣਾ ਗੁਨਾਹ ਮੰਨ ਲਿਆ ਸੀ। ਸੰਘੀ ਅਦਾਲਤ ਵਿਚ ਪਿਛਲੇ 3 ਦਿਨ ਸਜ਼ਾ ਸੁਣਾਉਣ ਲਈ ਹੋਈ ਸੁਣਵਾਈ ਦੌਰਾਨ ਆਖਰੀ ਸਾਬਕਾ ਪੁਲਿਸ ਅਫਸਰ ਜੋਸ਼ੂਆ ਹਾਰਟਫੀਲਡ ਨੂੰ ਜੱਜ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਬਰੈਟ ਮੈਕਅਲਪਿਨ ਨੂੰ 27 ਸਾਲ ਤੋਂ ਵਧ ਕੈਦ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿਚ ਸਭ ਤੋਂ ਵਧ ਸਜ਼ਾ ਸਾਬਕਾ ਰੈਨਕਿਨ ਕਾਊਂਟੀ ਸ਼ੈਰਿਫ ਦੇ ਡਿਪਟੀ ਕ੍ਰਿਸਟੀਅਨ ਡੈਡਮੋਨ ਨੂੰ ਸੁਣਾਈ ਗਈ ਹੈ। ਜੱਜ ਨੇ ਉਸ ਨੂੰ 40 ਸਾਲ ਜੇਲ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਸ ਨੇ ਇਸ ਘਟਨਾ ਵਿਚ ਬਹੁਤ ਘਿਣਾਉਣੀ ਭੂਮਿਕਾ ਨਿਭਾਈ ਹੈ। ਸਾਬਕਾ ਡਿਪਟੀ ਡੈਨੀਅਲ ਓਪਡੀਇਕ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਰੈਨਕਿਨ ਕਾਊਂਟੀ ਦੇ ਸਾਬਕਾ ਡਿਪਟੀ ਹੰਟਰ ਐਲਵਾਰਡ ਨੂੰ 20 ਸਾਲ ਤੇ ਜੈਫਰੀ ਮਿਡਲਟਨ ਨੂੰ ਸਾਢੇ 17 ਸਾਲ ਜੇਲ ਦੀ ਸਜ਼ਾ ਸੁਣਾਈ। ਇਥੇ ਜਿਕਰਯੋਗ ਹੈ ਕਿ ਜਨਵਰੀ 2023 ਵਿਚ ਜੈਕਸਨ ਨੇੜੇ ਬਰੈਕਸਟਨ ਵਿਖੇ ਵਾਪਰੀ ਇਸ ਘਟਨਾ ਵਿਚ ਉਕਤ ਸਾਬਕਾ ਪੁਲਿਸ ਅਫਸਰ ਦੋ ਕਾਲੇ ਵਿਅਕਤੀਆਂ ਦੇ ਘਰ ਵਿਚ ਬਿਨਾਂ ਵਾਰੰਟ ਜਬਰਦਸਤੀ ਦਾਖਲ ਹੋਏ ਸਨ। ਹੱਥਕੜੀਆਂ ਵਿਚ ਜਕੜ ਕੇ ਮਾਈਕਲ ਜੈਨਕਿਨਸ ਤੇ ਐਡੀ ਪਾਰਕਰ ਨਾਮੀ ਕਾਲੇ ਵਿਅਕਤੀਆਂ ਉਪਰ ਅਨਾਂ ਤਸ਼ੱਦਦ ਕੀਤਾ ਸੀ। ਇਨਾਂ ਵਿਚੋਂ ਇਕ ਦੇ ਮੂੰਹ ਵਿਚ ਗੋਲੀ ਵੀ ਮਾਰੀ ਗਈ ਸੀ। ਐਫ ਬੀ ਆਈ ਡਾਇਰੈਕਟਰ ਕ੍ਰਿਸਟੋਫਰ ਵਰੇਅ ਅਨੁਸਾਰ ਗਵਾਂਢ ਵਿਚ ਰਹਿੰਦੇ ਇਕ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਇਕ ਗੋਰੀ ਦੇ ਘਰ ਰਹਿੰਦੇ ਅਨੇਕਾਂ ਕਾਲੇ ਵਿਅਕਤੀਆਂ ਦਾ ਵਿਵਹਾਰ ਸ਼ੱਕੀ ਹੈ। ਇਸ ਉਪਰੰਤ ਸਾਬਕਾ ਪੁਲਿਸ ਅਫਸਰਾਂ ਨੇ ਕਾਲੇ ਵਿਅਕਤੀਆਂ ਉਪਰ 2 ਘੰਟੇ ਤੱਕ ਤਸ਼ੱਦਦ ਕੀਤਾ ਸੀ। ਸੁਣਵਾਈ ਦੌਰਾਨ ਦੋਸ਼ੀ 6 ਸਾਬਕਾ ਪੁਲਿਸ ਅਫਸਰਾਂ ਨੇ ਪੀੜਤ ਪਰਿਵਾਰ ਕੋਲੋਂ ਮੁਆਫੀ ਵੀ ਮੰਗੀ ਪਰੰਤੂ ਜੱਜ ਨੇ ਮੁਆਫੀ ਨੂੰ ਮੂਲੋਂ ਹੀ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਇਨਾਂ ਸਾਬਕਾ ਪੁਲਿਸ ਅਫਸਰਾਂ ਨੇ ਪਿਛਲੇ ਸਾਲ ਸਟੇਟ ਵੱਲੋਂ ਲਾਏ ਇਸੇ ਹੀ ਮਾਮਲੇ ਵਿਚ ਤਸ਼ੱਦਦ ਦੇ ਦਸ਼ਾਂ ਨੂੰ ਮੰਨ ਲਿਆ ਸੀ ਜਿਸ ਬਾਰੇ ਸਜ਼ਾ ਅਜੇ ਸੁਣਾਈ ਜਾਣੀ ਹੈ।