#CANADA

2.25 ਕੈਨੇਡੀਅਨ ਡਾਲਰ ਦੇ ਸੋਨੇ ਦੀ ਲੁੱਟ ਮਾਮਲੇ ‘ਚ ਸਰੰਡਰ ਕਰਨਾ ਚਾਹੁੰਦਾ ਹੈ ਦੋਸ਼ੀ ਸਾਬਕਾ ਏਅਰਲਾਈਨ ਮੈਨੇਜਰ

ਓਟਾਵਾ, 18 ਜੂਨ (ਪੰਜਾਬ ਮੇਲ)- ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਸਿਮਰਨ ਪ੍ਰੀਤ ਪਨੇਸਰ 2.25 ਕੈਨੇਡੀਅਨ ਡਾਲਰ ਦੇ ਸੋਨੇ ਅਤੇ ਨਕਦੀ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ‘ਚ ਲੋੜੀਂਦਾ ਹੈ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਮੂਲ ਦਾ ਇਹ ਵਿਅਕਤੀ ਅਗਲੇ ਕੁਝ ਹਫ਼ਤਿਆਂ ‘ਚ ਆਤਮ ਸਮਰਪਣ ਕਰਨ ਦੀ ਤਿਆਰੀ ਕਰ ਰਿਹਾ ਹੈ। ਸਿਮਰਨ ਪ੍ਰੀਤ ਪਨੇਸਰ (31) ਦੇ ਵਕੀਲ ਗ੍ਰੇਗ ਲਾਫੋਂਟੇਨ ਨੇ ਦੱਸਿਆ ਕਿ ਉਸ (ਦੋਸ਼ੀ) ਨੂੰ ਕੈਨੇਡੀਅਨ ਨਿਆਂ ਪ੍ਰਣਾਲੀ ‘ਚ ਪੂਰਾ ਭਰੋਸਾ ਹੈ। ਸਿਮਰਨ ਪ੍ਰੀਤ ਪਿਛਲੇ ਸਾਲ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ ਮਾਮਲੇ ‘ਚ ਲੋੜੀਂਦਾ ਹੈ। ਰਿਪੋਰਟ ‘ਚ ਵਕੀਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਦੋਂ ਇਹ ਮਾਮਲਾ ਖ਼ਤਮ ਹੋ ਜਾਵੇਗਾ, ਤਾਂ ਉਸ ਦੇ ਕਿਸੇ ਵੀ ਗਲਤ ਕੰਮ ਦੇ ਦੋਸ਼ ਤੋਂ ਬਰੀ ਕਰ ਦਿੱਤਾ ਜਾਵੇਗਾ।
ਪੁਲਿਸ ਮੁਤਾਬਕ ਸੋਨੇ ਦੀ ਚੋਰੀ 17 ਅਪ੍ਰੈਲ 2023 ਨੂੰ ਹੋਈ ਸੀ। ਫਰਜ਼ੀ ਕਾਗਜ਼ੀ ਕਾਰਵਾਈ ਕਰਕੇ ਭੰਡਾਰਨ ਸਹੂਲਤ ਕੇਂਦਰ ਤੋਂ 22 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਦੀ ਸੋਨੇ ਦੀਆਂ ਛੜਾਂ ਅਤੇ ਵਿਦੇਸ਼ੀ ਮੁਦਰਾ ਵਾਲਾ ਇਕ ਕਾਰਗੋ ਕੰਟੇਨਰ ਧੋਖੇ ਚੋਰੀ ਹੋ ਗਿਆ ਸੀ। ਇਹ ਸੋਨਾ ਅਤੇ ਕਰੰਸੀ ਏਅਰ ਕੈਨੇਡਾ ਦੀ ਉਡਾਣ ਨਾਲ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਸੀ। ਉਡਾਣ ਦੇ ਲੈਂਡ ਹੋਣ ਤੋਂ ਤੁਰੰਤ ਬਾਅਦ ਕਾਰਗੋ ਨੂੰ ਉਤਾਰਿਆ ਦਿੱਤਾ ਗਿਆ ਸੀ ਅਤੇ ਹਵਾਈ ਅੱਡੇ ‘ਚ ਇਕ ਵੱਖ ਸਥਾਨ ‘ਤੇ ਲਿਜਾਇਆ ਗਿਆ ਸੀ। ਇਕ ਦਿਨ ਬਾਅਦ ਪੁਲਿਸ ਨੂੰ ਕਾਰਗੋ ਕੰਟੇਨਰ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਚੋਰੀ ‘ਚ ਸ਼ਾਮਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ‘ਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਸਨ। ਬਰੈਂਪਟਨ ਵਾਸੀ ਸਿਮਰਨ ਪ੍ਰੀਤ ਪਨੇਸਰ ਖ਼ਿਲਾਫ਼ ਵਾਰੰਟ ਵੀ ਜਾਰੀ ਕੀਤੇ ਗਏ ਸਨ। ਸਿਮਰਨ ਪ੍ਰੀਤ ਚੋਰੀ ਦੇ ਸਮੇਂ ਏਅਰ ਕੈਨੇਡਾ ਦਾ ਕਰਮਚਾਰੀ ਸੀ। ਵਕੀਲ ਗ੍ਰੇਗ ਲਾਫੋਂਟੇਨ ਨੇ ਕਿਹਾ ਕਿ ਜਿਵੇਂ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਸਿਮਰਨ ਪ੍ਰੀਤ ਪਨੇਸਰ ਕੈਨੇਡਾ ‘ਚ (ਚੋਰੀ ਦੇ) ਮਾਮਲੇ ‘ਚ ਲੋਂੜੀਦਾ ਹੈ। ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਪਨੇਸਰ ਨੇ ਅਗਲੇ ਕੁਝ ਹਫ਼ਤਿਆਂ ‘ਚ ਆਪਣੀ ਮਰਜ਼ੀ ਨਾਲ ਕੈਨੇਡਾ ਆਉਣ ਦੀ ਯੋਜਨਾ ਬਣਾਈ ਹੈ। ਉਹ ਆਪਣੀ ਬੇਗੁਨਾਹੀ ਸਾਬਿਤ ਕਰਨ ਦਾ ਮੌਕਾ ਪਾਉਣ ਲਈ ਉਤਸੁਕ ਹੈ।