ਸੰਗਰੂਰ, 23 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ 3,80,000 ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਤੀ 21.02.2023 ਨੂੰ ਸਹਾਇਕ ਥਾਣੇਦਾਰ ਜਗਤਾਰ ਸਿੰਘ 562 ਸੰਗ: ਮਾਮੂਰਾ ਸੀ.ਆਈ.ਏ ਸੰਗਰੂਰ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਫੁਆਰਾ ਚੌਂਕ ਮੌਜੂਦ ਸੀ ਤਾਂ ਮੁੱਖਬਰੀ ਮਿਲੀ ਕਿ ਸੁਖਵਿੰਦਰ ਸਿੰਘ ਪੁੱਤਰ ਸੰਤ ਸਿੰਘ ਵਾਸੀ ਖੋਖਰ ਕਲਾਂ ਥਾਣਾ ਲਹਿਰਾ ਅਤੇ ਜਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੀਰ ਖੁਰਦ ਥਾਣਾ ਚੀਮਾ, ਜੋ ਕਿ ਜਾਅਲੀ ਕਰੰਸੀ ਤਿਆਰ ਕਰਕੇ ਮਾਰਕੀਟ ਵਿੱਚ ਸਪਲਾਈ ਕਰਦੇ ਹਨ, ਜੋ ਅੱਜ ਵੀ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੀ ਕੰਧ ਪਾਸ ਜਾਅਲੀ ਕਰੰਸੀ ਸਪਲਾਈ ਕਰਨ ਲਈ ਖੜ੍ਹੇ ਹਨ।
ਉਨ੍ਹਾਂ ਦੱਸਿਆ ਕਿ ਜਿਸ ਪਰ ਸ:ਥ: ਜਗਤਾਰ ਸਿੰਘ ਨੇ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 33 ਮਿਤੀ 21.02.2023, ਅ/ਧ 420, 489ਏ, 489ਬੀ, 489ਸੀ, 489ਡੀ, 489ਈ ਹਿੰ:ਡੰ ਤਹਿਤ ਥਾਣਾ ਸਿਟੀ ਸੰਗਰੂਰ ਦਰਜ ਕਰਵਾਇਆ ਅਤੇ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 3.80 ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਮੋਟਰਸਾਇਕਲ ਬਰਾਮਦ ਕਰਵਾਇਆ। ਐਸਐਸਪੀ ਨੇ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।