ਬੇਲੇ ਪਲੇਨ, 18 ਜੂਨ (ਪੰਜਾਬ ਮੇਲ)-ਮਿਨੀਸੋਟਾ ਦੇ ਇਕ ਕਾਨੂੰਨਸਾਜ਼ ਨੂੰ ਮਾਰਨ ਤੇ ਇਕ ਹੋਰ ਨੂੰ ਜ਼ਖ਼ਮੀ ਕਰਨ ਵਾਲੇ ਸ਼ੱਕੀ ਵਿਅਕਤੀ ਨੇ ਉਸ ਸਮੇਂ ਆਤਮ ਸਮਰਪਣ ਕਰ ਦਿੱਤਾ, ਜਦੋਂ ਪੁਲਿਸ ਨੂੰ ਉਸਦੇ ਘਰ ਦੇ ਨੇੜੇ ਜੰਗਲ ‘ਚ ਹੋਣ ਬਾਰੇ ਪਤਾ ਲੱਗਾ। ਵੈਂਸ ਬੋਏਲਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਕਤਲ ਦੇ ਦੋ ਦੋਸ਼ਾਂ ਤੇ ਕਤਲ ਦੀ ਕੋਸ਼ਿਸ਼ ਦੇ ਦੋ ਦੋਸ਼ ਲਗਾਏ ਗਏ ਸਨ। ਜੇਲ੍ਹ ਦੇ ਰਿਕਾਰਡ ਦਰਸਾਉਂਦੇ ਹਨ ਕਿ ਬੋਏਲਟਰ ਨੂੰ ਸੋਮਵਾਰ ਦੁਪਹਿਰ ਅਦਾਲਤ ਵਿਚ ਪੇਸ਼ ਗਿਆ। ਉਸ ‘ਤੇ ਇਕ ਪੁਲਿਸ ਅਧਿਕਾਰੀ ਵਜੋਂ ਪੇਸ਼ ਹੋਣ ਅਤੇ ਉੱਤਰੀ ਮਿਨੀਸੋਟਾ ਉਪ ਨਗਰਾਂ ‘ਚ ਸ਼ਨਿਚਰਵਾਰ ਸਵੇਰੇ ਸਾਬਕਾ ਡੈਮੋਕ੍ਰੇਟਿਕ ਹਾਊਸ ਸਪੀਕਰ ਮੇਲਿਸਾ ਹੌਰਟਮੈਨ ਅਤੇ ਉਸ ਦੇ ਪਤੀ, ਮਾਰਕ ਨੂੰ ਉਨ੍ਹਾਂ ਦੇ ਘਰ ਵਿਚ ਜਾਨਲੇਵਾ ਗੋਲੀ ਮਾਰਨ ਦਾ ਦੋਸ਼ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸਨੇ ਡੈਮੋਕ੍ਰੇਟ ਸੈਨੇਟਰ ਜੌਨ ਹਾਫਮੈਨ ਤੇ ਉਸਦੀ ਪਤਨੀ, ਯਵੇਟ ਨੂੰ ਵੀ ਗੋਲੀ ਮਾਰ ਦਿੱਤੀ। ਡੈਮੋਕ੍ਰੇਟਿਕ ਗਵਰਨਰ ਟਿਮ ਵਾਲਜ਼ ਨੇ ਬੋਏਲਟਰ ਦੀ ਗ੍ਰਿਫਤਾਰੀ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ‘ਇਕ ਆਦਮੀ ਦੀਆਂ ਅਣਕਿਆਸੀਆਂ ਕਾਰਵਾਈਆਂ ਨੇ ਮਿਨੀਸੋਟਾ ਰਾਜ ਨੂੰ ਬਦਲ ਦਿੱਤਾ ਹੈ।’ ਬਰੁਕਲਿਨ ਪਾਰਕ ਪੁਲਿਸ ਮੁਖੀ ਮਾਰਕ ਬਰੂਲੀ ਨੇ ਕਿਹਾ ਕਿ ਬੋਏਲਟਰ ਦੀ ਭਾਲ ‘ਰਾਜ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਤਲਾਸ਼’ ਸੀ।