ਨਿਊਯਾਰਕ/ਟਾਂਡਾ ਉੜਮੁੜ, 11 ਮਈ (ਪੰਜਾਬ ਮੇਲ) – ਅਮਰੀਕਾ ਵਿਚ ਟਾਂਡਾ ਇਲਾਕੇ ਦੇ ਮਿਆਣੀ ਪਿੰਡ ਨਾਲ ਸੰਬੰਧਿਤ 2 ਸਕੇ ਭਰਾਵਾਂ ਨੇ ਅਮਰੀਕਾ ਦੀ ਆਰਮੀ ਵਿਚ ਵੱਡੇ ਅਫਸਰ ਬਣ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਜਾਣਕਾਰੀ ਅਨੁਸਾਰ ਜਸਕਰਨ ਸਿੰਘ ਨੇ ਫਸਟ ਲੈਫਟੀਨੈਂਟ ਅਫਸਰ ਤੇ ਗੁਰਕੀਰਤ ਸਿੰਘ ਸੈਕਿੰਡ ਅਫਸਰ ਇਨ ਮੈਡੀਕਲ ਨੇ ਅਮਰੀਕਾ ਦੀ ਫੌਜ ‘ਚ ਵੱਡੇ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਮੌਜੂਦਾ ਸਮੇਂ ਦੌਰਾਨ ਮਿਡਲ ਈਸਟ ‘ਚ ਚੱਲ ਰਹੀ ਜੰਗ ‘ਚ ਵੀ ਭਾਗ ਲਿਆ ਹੈ ਅਤੇ ਅਮਰੀਕਾ ਵੱਲੋਂ ਲੜਾਈ ਲੜਦੇ ਹੋਏ ਸੁਰੱਖਿਆ ਵਾਪਸ ਪਰਤੇ ਹਨ। ਮੈਡੀਕਲ ਖੇਤਰ ‘ਚ ਅਫਸਰ ਬਣੇ ਗੁਰਕੀਰਤ ਸਿੰਘ ਨੇ ਜੰਗ ਦੌਰਾਨ ਜ਼ਖਮੀ ਹੋਏ ਅਮਰੀਕੀ ਫੌਜੀਆਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਟਾਂਡਾ ਨਿਵਾਸੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਸੀ ਹਰਜਿੰਦਰ ਕੌਰ ਧਰਮ ਸੁਪਤਨੀ ਪਿਤਾਬਰ ਇਕਬਾਲ ਸਿੰਘ ਜੋ ਅਮਰੀਕਾ ਦੇ ਨਿਊਯਾਰਕ ਦੇ ਸ਼ਹਿਰ ਹਾਈਟ ਪਾਰਕ ‘ਚ ਰਹਿੰਦੇ ਹਨ, ਦੇ ਸਪੁੱਤਰਾਂ ਜਸਕਰਨ ਸਿੰਘ ਤੇ ਗੁਰਕੀਰਤ ਸਿੰਘ ਦੇ ਇਸ ਕਾਰਜ ਦੀ ਜਾਣਕਾਰੀ ਪ੍ਰਾਪਤ ਹੁੰਦਿਆਂ ਹੀ ਪਿੰਡ ਮਿਆਣੀ ਅਤੇ ਇਲਾਕੇ ‘ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨਾਂ ਨੂੰ ਆਪਣੇ ਨਗਰ ਦੇ ਇਨ੍ਹਾਂ ਹੋਣਹਾਰ ਸਕੇ ਭਰਾਵਾਂ ‘ਤੇ ਪੂਰਾ ਮਾਣ ਹੈ ਅਤੇ ਪੰਜਾਬ ਅਤੇ ਪਿੰਡ ਮਿਆਣੀ ਵਿੱਚ ਆਉਣ ‘ਤੇ ਇਨ੍ਹਾਂ ਨੌਜਵਾਨਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਦੋਨੋਂ ਨੌਜਵਾਨਾਂ ਦੇ ਪਿਤਾ ਅਮਰੀਕਾ ਵਿਚ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ ਅਤੇ ਮਾਤਾ ਗੌਰਮੈਂਟ ਟੀਚਰ ਹਨ।
2 ਸਕੇ ਭਰਾਵਾਂ ਨੇ ਅਮਰੀਕਾ ਦੀ ਫੌਜ ‘ਚ ਅਫਸਰ ਬਣ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ

