#OTHERS

ਕਿਮ ਜੋਂਗ ਵੱਲੋਂ ਸੰਵਿਧਾਨ ‘ਚ ਬੇਹੱਦ ਡਰਾਉਣੀ ਸੋਧ! ਪੂਰੀ ਦੁਨੀਆਂ ‘ਚ ਚਿੰਤਾ

-ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ
ਸਿਓਲ, 11 ਮਈ (ਪੰਜਾਬ ਮੇਲ)- ਉੱਤਰੀ ਕੋਰੀਆ ਨੇ ਆਪਣੇ ਸੰਵਿਧਾਨ ਵਿਚ ਇੱਕ ਬੇਹੱਦ ਡਰਾਉਣੀ ਸੋਧ ਕੀਤੀ ਹੈ, ਜਿਸ ਮਗਰੋਂ ਪੂਰੀ ਦੁਨੀਆਂ ਹੀ ਚਿੰਤਾ ‘ਚ ਪੈ ਗਈ ਹੈ। ਨਵੀਂ ਨੀਤੀ ਅਨੁਸਾਰ, ਜੇਕਰ ਕਿਸੇ ਵਿਦੇਸ਼ੀ ਹਮਲੇ ਵਿਚ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਮਾਰੇ ਜਾਂਦੇ ਹਨ ਜਾਂ ਉਹ ਫੌਜ ਦੀ ਕਮਾਂਡ ਸੰਭਾਲਣ ਦੇ ਯੋਗ ਨਹੀਂ ਰਹਿੰਦੇ, ਤਾਂ ਦੇਸ਼ ਦਾ ਪਰਮਾਣੂ ਸਿਸਟਮ ਆਪਣੇ-ਆਪ ਦੁਸ਼ਮਣ ‘ਤੇ ਹਮਲਾ ਕਰ ਦੇਵੇਗਾ।
ਦੱਖਣੀ ਕੋਰੀਆ ਦੀ ਖੁਫ਼ੀਆ ਏਜੰਸੀ (ਐੱਨ.ਆਈ.ਐੱਸ.) ਨੇ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਰਿਪੋਰਟ ‘ਚ ਦੱਸਿਆ ਹੈ ਕਿ ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਨੀਤੀ ਕਾਨੂੰਨ ਦੀ ਧਾਰਾ 3 ਵਿਚ ਬਦਲਾਅ ਕੀਤਾ ਹੈ। ਜੇਕਰ ਦੇਸ਼ ਦਾ ਕਮਾਂਡ-ਐਂਡ-ਕੰਟਰੋਲ ਸਿਸਟਮ (ਕਿਮ ਜੋਂਗ ਉਨ) ਖ਼ਤਰੇ ਵਿਚ ਆਉਂਦਾ ਹੈ, ਤਾਂ ਪਰਮਾਣੂ ਹਮਲਾ ਤੁਰੰਤ ਅਤੇ ਆਪਣੇ-ਆਪ ਲਾਂਚ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਦੇਸ਼ ਕਿਮ ਜੋਂਗ ਉਨ ਨੂੰ ਮਾਰ ਕੇ ਉੱਤਰੀ ਕੋਰੀਆ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਵੀ ਉਸ ਦੇਸ਼ ਦਾ ਬਚਣਾ ਮੁਸ਼ਕਿਲ ਹੋਵੇਗਾ। ਇਸ ਪ੍ਰਣਾਲੀ ਨੂੰ ਰੂਸ ਦੇ ਕੋਲਡ ਵਾਰ ਦੇ ‘ਡੈੱਡ ਹੈਂਡ’ ਸਿਸਟਮ ਵਰਗਾ ਮੰਨਿਆ ਜਾ ਰਿਹਾ ਹੈ।
ਮਾਹਿਰਾਂ ਅਨੁਸਾਰ ਉੱਤਰੀ ਕੋਰੀਆ ਦੇ ਇਸ ਫੈਸਲੇ ਪਿੱਛੇ ਮਾਰਚ 2026 ਵਿਚ ਇਰਾਨ ‘ਤੇ ਹੋਏ ਅਮਰੀਕੀ-ਇਜ਼ਰਾਈਲੀ ਹਮਲੇ ‘ਚ ਸੁਪਰੀਮ ਲੀਡਰ ਦੀ ਮੌਤ ਵੱਡਾ ਕਾਰਨ ਹੋ ਸਕਦੀ ਹੈ। ਮਾਰਚ ਵਿਚ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ ਵਿਚ ਇਰਾਨ ਦੇ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਸਣੇ ਕਈ ਸੀਨੀਅਰ ਅਧਿਕਾਰੀ ਮਾਰੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਨੇ ਕਿਮ ਜੋਂਗ ਉਨ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਅਜਿਹੀ ਹੀ ਕਾਰਵਾਈ ਉਨ੍ਹਾਂ ਖ਼ਿਲਾਫ਼ ਵੀ ਕਰ ਸਕਦਾ ਹੈ।
ਰੱਖਿਆ ਮਾਹਿਰਾਂ ਅਨੁਸਾਰ, ਉੱਤਰੀ ਕੋਰੀਆ ਹੁਣ ਜਾਸੂਸਾਂ ਨਾਲੋਂ ਜ਼ਿਆਦਾ ਅਮਰੀਕੀ ਸੈਟੇਲਾਈਟ ਤਕਨੀਕ ਤੋਂ ਡਰ ਰਿਹਾ ਹੈ, ਜੋ ਕਿਮ ਜੋਂਗ ਉਨ ਦੀ ਹਰ ਹਰਕਤ ‘ਤੇ ਨਜ਼ਰ ਰੱਖ ਸਕਦੀ ਹੈ। ਕਿਮ ਆਮ ਤੌਰ ‘ਤੇ ਹਵਾਈ ਸਫ਼ਰ ਤੋਂ ਬਚਦੇ ਹਨ ਅਤੇ ਅੰਡਰਗ੍ਰਾਊਂਡ ਟ੍ਰੇਨ ਵਿਚ ਸਫ਼ਰ ਕਰਦੇ ਹਨ, ਪਰ ਹੁਣ ਉਨ੍ਹਾਂ ਨੇ ਆਪਣੀ ਸੁਰੱਖਿਆ ਨੂੰ ਕਾਨੂੰਨੀ ਤੌਰ ‘ਤੇ ‘ਪਰਮਾਣੂ ਗਾਰੰਟੀ’ ਦੇ ਦਿੱਤੀ ਹੈ।
ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੀ ਸਰਹੱਦ ਨੇੜੇ ਨਵੀਂ ਲੰਬੀ ਦੂਰੀ ਦਾ ਟੈਂਕ ਸਿਸਟਮ ਤਾਇਨਾਤ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਦੀ ਰੇਂਜ ਵਿਚ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਸਿੱਧੇ ਤੌਰ ‘ਤੇ ਆ ਗਈ ਹੈ। ਕਿਮ ਜੋਂਗ ਪ੍ਰਸ਼ਾਸਨ ਦੇ ਇਸ ਮਗਰੋਂ ਇਕੱਲੇ ਦੱਖਣੀ ਕੋਰੀਆ ਹੀ ਨਹੀਂ, ਸਗੋਂ ਪੂਰੀ ਦੁਨੀਆ ‘ਚ ਅਨੋਖੀ ਚਰਚਾ ਛਿੜ ਗਈ ਹੈ।