#PUNJAB

2 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣ ਤੈਅ

-ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਸਮੇਤ 9 ਵਿਧਾਇਕਾਂ ਨੂੰ ਚੋਣ ਮੈਦਾਨ ‘ਚ ਉਤਾਰਿਆ
ਚੰਡੀਗੜ੍ਹ, 1 ਮਈ (ਪੰਜਾਬ ਮੇਲ)- ਪੰਜਾਬ ਵਿਚ ਇਕ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਇਕ ਦਰਜਨ ਦੇ ਕਰੀਬ ਵਿਧਾਇਕ ਲੋਕ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਚੋਣ ਮੈਦਾਨ ਵਿਚ ਉਤਰੇ ਹਨ। ਕੌਣ ਜਿੱਤੇਗਾ ਜਾਂ ਕੌਣ ਹਾਰੇਗਾ, ਇਸ ਦਾ ਫੈਸਲਾ ਸੂਬੇ ਦੇ ਵੋਟਰਾਂ ਵੱਲੋਂ 4 ਜੂਨ ਤੱਕ ਹੋ ਜਾਵੇਗਾ। ਪਰ ਸੂਬੇ ਦੀਆਂ ਦੋ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣ ਤੈਅ ਹੈ।
ਵਿਧਾਨ ਸਭਾ ਹਲਕਾ ਚੱਬੇਬਾਲ (ਹੁਸ਼ਿਆਰਪੁਰ) ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਬਾਲ ਕਾਂਗਰਸ ਨੂੰ ਛੱਡ ਆਪ ਵਿਚ ਸ਼ਾਮਲ ਹੋਏ ਹਨ, ਜਦਕਿ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਆਪ ਛੱਡ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਡਾ. ਚੱਬੇਬਾਲ ਅਤੇ ਅੰਗੁਰਾਲ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ।
ਇਸੇ ਤਰ੍ਹਾਂ ਦੋ ਹਲਕਿਆਂ ਵਿਚ ਉਪ ਚੋਣ ਹੋਣਾ ਤੈਅ ਹੈ, ਜੇਕਰ ਚੋਣ ਮੈਦਾਨ ‘ਚ ਉੱਤਰੇ ਵਿਧਾਇਕਾਂ ਵਿਚ ਕੋਈ ਜਿੱਤ ਜਾਂਦਾ ਹੈ, ਤਾਂ ਉਪ ਚੋਣ ਹਲਕਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਸਿਆਸੀ ਪਾਰਟੀਆਂ ਵੱਲੋਂ ਚੋਣ ਪਿੜ ਵਿਚ ਉਤਾਰੇ ਉਮੀਦਵਾਰਾਂ ‘ਤੇ ਨਜ਼ਰ ਮਾਰੀ ਜਾਵੇ, ਤਾਂ ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਸਮੇਤ 9 ਵਿਧਾਇਕਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ, ਇਨ੍ਹਾਂ ਵਿਚ ਇਕ ਡਾ. ਰਾਜ ਕੁਮਾਰ ਚੱਬੇਵਾਲ ਵੀ ਸ਼ਾਮਲ ਹੈ, ਜੋ ਪਿਛਲੇ ਦਿਨੀਂ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋਏ ਸਨ ਅਤੇ ਆਪ ਨੇ ਹੁਸ਼ਿਆਰਪੁਰ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਕਾਂਗਰਸ ਨੇ ਤਿੰਨ ਵਿਧਾਇਕਾਂ ਨੂੰ ਉਮੀਦਵਾਰਾਂ ਬਣਾਇਆ ਹੈ।
ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਨੂੰ ਚੋਣ ਪਿੜ ਵਿਚ ਉਤਾਰਿਆ ਹੈ, ਜਿਨ੍ਹਾਂ ਵਿਚ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਡਾ. ਬਲਵੀਰ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਹਨ। ਇਸੇ ਤਰ੍ਹਾਂ ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਫਿਰੋਜ਼ਪੁਰ, ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਗੁਰਦਾਸਪੁਰ, ਲੁਧਿਆਣਾ ਤੋਂ ਅਸ਼ੋਕ ਪੱਪੀ ਪਰਾਸ਼ਰ ਅਤੇ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਹੈ।
ਕਾਂਗਰਸ ਨੇ ਗਿੱਦੜਬਾਹਾ ਦੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ, ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਅਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਹੈ।