ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਦੰਗਿਆਂ ਨਾਲ ਸਬੰਧਤ ਕੇਸ ਵਿਚ ਤਿੰਨ ਮੁਲਜ਼ਮਾਂ ਦੀ ਰਿਹਾਈ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ। ਹਾਈ ਕੋਰਟ ਨੇ ਕਿਹਾ ਕਿ ਇਹ ਪਟੀਸ਼ਨਾਂ ਮੁਲਜ਼ਮਾਂ ਨੂੰ ਰਿਹਾਅ ਕੀਤੇ ਜਾਣ ਤੋਂ 27 ਤੋਂ 36 ਸਾਲ ਬਾਅਦ ਦਾਇਰ ਕੀਤੀਆਂ ਗਈਆਂ ਹਨ। ਹਾਈ ਕੋਰਟ ਨੇ ਕਿਹਾ ਕਿ ਜੇ ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਗਈ ਤਾਂ ਇਹ ਘੱਟੋ-ਘੱਟ ਦਸ ਹੋਰਨਾਂ ਕੇਸਾਂ ਲਈ ਮਿਸਾਲ ਬਣ ਜਾਵੇਗੀ। ਜਸਟਿਸ ਪ੍ਰਤਿਭਾ ਐੱਮ.ਸਿੰਘ ਤੇ ਜਸਟਿਸ ਅਮ੍ਰਿਤਾ ਸਿੰਘ ਨੇ 21 ਅਕਤੂਬਰ ਨੂੰ ਪਟੀਸ਼ਨ ਦਾ ਨੋਟਿਸ ਲੈਂਦਿਆਂ ਕਿਹਾ ਸੀ ਕਿ ਉਹ ਇਨ੍ਹਾਂ ਦੰਗਿਆਂ ਦੌਰਾਨ ਵੱਡੇ ਪੱਧਰ ’ਤੇ ਹੋਏ ਜਾਨੀ-ਮਾਲੀ ਨੁੁਕਸਾਨ ਤੋਂ ਜਾਣੂ ਹਨ, ਪਰ ਉਹ ਇਸਤਗਾਸਾ ਧਿਰ ਵੱਲੋਂ ਅਪੀਲ ਦਾਇਰ ਕਰਨ ਵਿਚ ਕੀਤੀ ‘ਲੰਮੀ ਦੇਰੀ’ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਬੈਂਚ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ, ‘‘ਲੰਮੀ ਦੇਰੀ ਤੇ ਮਿਲਦੇ ਜੁਲਦੇ ਕੇਸਾਂ ਵਿਚ ਸਹਾਇਕ ਬੈਂਚਾਂ ਵੱਲੋਂ ਸੁਣਾਏ ਫ਼ੈਸਲਿਆਂ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ, ਨੂੰ ਧਿਆਨ ਵਿਚ ਰੱਖਦਿਆਂ ਦੇਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।’’