ਨਵੀਂ ਦਿੱਲੀ, 18 ਦਸੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵਿਵਾਦਾਂ ‘ਚ ਘਿਰ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ 1984 ਦੀ ਨਸਲਕੁਸ਼ੀ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਕੀਤੀ ਗਈ ਹੱਤਿਆ ਨਾਲ ਜੋੜ ਦਿੱਤਾ ਹੈ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ 1984 ਨਸਲਕੁਸ਼ੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ ਹੈ। ਸਿਆਸਤਦਾਨਾਂ ਨੇ ਰਾਜਨ ‘ਤੇ ਨਸਲਕੁਸ਼ੀ ਵਿਚ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਉਨ੍ਹਾਂ ਦੇ ਬਿਆਨ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਉਠਾਏ ਹਨ।
ਇੱਕ ਵਾਇਰਲ ਵੀਡੀਓ ਵਿਚ ਰਾਜਨ ਦੀਆਂ ਟਿੱਪਣੀਆਂ ਇਸ ਬਾਰੇ ਸਵਾਲ ਉਠਾਇਆ ਕਿ ਕਿਸੇ ਦੇ ਵਿਅਕਤੀਗਤ ਪੱਖਪਾਤ ਕਾਰਨ ਇਤਿਹਾਸਕ ਘਟਨਾਵਾਂ ਦੇ ਵਿਸ਼ਲੇਸ਼ਣ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਜਦਕਿ ਉਹ ਇੱਕ ਬਹੁਤ ਹੀ ਖਾਸ ਰੁਤਬਾ ਰੱਖਣ ਵਾਲਾ ਕੋਈ ਵਿਅਕਤੀ ਵਿਸ਼ੇਸ਼ ਹੋਵੇ।
ਰਾਜਨ ਦੇ ਸਮਰਥਕਾਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਸਿਰਫ ਸਮਾਜਿਕ ਗਤੀਸ਼ੀਲਤਾ ਤੇ ਰਾਜਨੀਤਿਕ ਉਥਲ-ਪੁਥਲ ਦੇ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਨਸਕੁਸ਼ੀ ਦੇ ਸੰਦਰਭ ਨੂੰ ਉਜਾਗਰ ਕੀਤਾ। ਜਦਕਿ ਦੂਜੇ ਪਾਸੇ ਵਿਰੋਧੀਆਂ ਦੀਆਂ ਦਲੀਲਾਂ ਹਨ ਕਿ ਉਨ੍ਹਾਂ ਦੀ ਟਿੱਪਣੀ ਨਸਲਕੁਸ਼ੀ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੀ ਹੈ।
ਭਾਰਤ ਵਿਚ 1984 ਦੀ ਸਿੱਖ ਨਸਕੁਸ਼ੀ ਇਸ ਦੇਸ਼ ਦੇ ਇਤਿਹਾਸ ਵਿਚ ਇੱਕ ਦੁਖਦਾਈ ਅਤੇ ਕਾਲੇ ਅਧਿਆਏ ਨੂੰ ਦਰਸਾਉਂਦੀ ਹੈ। ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਮਗਰੋਂ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਹੱਤਿਆ ਤੋਂ ਬਾਅਦ, ਸਿੱਖ ਭਾਈਚਾਰੇ ਵਿਰੁੱਧ ਹਿੰਸਾ ਭੜਕ ਗਈ।
ਕਤਲੇਆਮ ਪੀੜਤ ਪਰਿਵਾਰਾਂ ਵੱਲੋਂ ਕਿਹਾ ਗਿਆ ਕਿ ਇਹ ਹਿੰਸਾ ਕਥਿਤ ਤੌਰ ‘ਤੇ ਕਾਂਗਰਸ ਪਾਰਟੀ ਦੀਆਂ ਹੀ ਸਿਆਸੀ ਹਸਤੀਆਂ ਦੁਆਰਾ ਉਕਸਾਈ ਭੀੜ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਜਿਸ ਦੇ ਨਤੀਜੇ ਵਜੋਂ ਇੱਕ ਭਿਆਨਕ ਕਤਲੇਆਮ ਹੋਇਆ। ਇਸ ਹਿੰਸਾ ‘ਚ ਹਜ਼ਾਰਾਂ ਨਿਰਦੋਸ਼ ਸਿੱਖ ਮਾਰੇ ਗਏ, ਔਰਤਾਂ ਨੂੰ ਬੇਪੱਤੀ ਕੀਤਾ ਗਈ ਅਤੇ ਸਿੱਖਾਂ ਦੀਆਂ ਜਾਇਦਾਦਾਂ ਤਬਾਹ ਕਰ ਦਿੱਤੀਆਂ ਗਈਆਂ।