#PUNJAB

19 ਜੂਨ ਨੂੰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ

ਚੰਡੀਗੜ੍ਹ, 25 ਮਈ (ਪੰਜਾਬ ਮੇਲ)- ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਲਈ ਵੋਟਿੰਗ 19 ਜੂਨ ਨੂੰ ਹੋਵੇਗੀ। ਇਹ ਐਲਾਨ ਭਾਰਤੀ ਚੋਣ ਕਮਿਸ਼ਨ ਨੇ ਅੱਜ ਸਵੇਰੇ ਹੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ 26 ਮਈ ਤੋਂ ਭਰਨੀਆਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ 2 ਜੂਨ ਤੱਕ ਭਰੀਆਂ ਜਾਣਗੀਆਂ। ਇਸ ਤੋਂ ਬਾਅਦ 3 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 5 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਜ਼ਿਮਨੀ ਚੋਣਾਂ ਲਈ ਵੋਟਿੰਗ 19 ਜੂਨ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜਿਸ ਤੇ ਹੁਣ ਜ਼ਿਮਨੀ ਚੋਣ ਕਰਵਾਈ ਜਾ ਰਹੀ। ਆਮ ਆਦਮੀ ਪਾਰਟੀ ਨੇ ਇਸ ਜ਼ਿਮਨੀ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੁੰਮਣ ਉਮੀਦਵਾਰ ਹਨ। ਭਾਜਪਾ ਵੱਲੋਂ ਹਾਲੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ।

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਨਾਲ ਨਾਲ ਗੁਜਰਾਤ ਦੀਆਂ ਦੋ ਵਿਧਾਨ ਸਭਾ ਸੀਟਾਂ, ਕੇਰਲਾ ਅਤੇ ਪੱਛਮੀ ਬੰਗਾਲ ਦੀ ਇੱਕ ਇੱਕ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ 19 ਜੂਨ ਨੂੰ ਹੀ ਕਰਵਾਉਣ ਦਾ ਫੈਸਲਾ ਕੀਤਾ।