ਉੱਤਰਕਾਸ਼ੀ, 29 ਨਵੰਬਰ (ਪੰਜਾਬ ਮੇਲ)- ਬਚਾਅ ਕਰਮੀਆਂ ਦੇ ਕਰੀਬ 17 ਦਿਨਾਂ ਦੇ ਅਣਥੱਕ ਯਤਨਾਂ ਤੋਂ ਬਾਅਦ ਅਖ਼ੀਰ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ‘ਚ ਫਸੇ 41 ਵਰਕਰਾਂ ਨੂੰ ਸਫ਼ਲਤਾ ਨਾਲ ਬਾਹਰ ਕੱਢ ਲਿਆ ਗਿਆ। ਬਚਾਏ ਗਏ ਸਾਰੇ ਵਰਕਰਾਂ ਦੀ ਮੁੱਢਲੀ ਸਿਹਤ ਜਾਂਚ ਕਰ ਲਈ ਗਈ ਹੈ। ਇਸ ਲਈ ਸੁਰੰਗ ਵਿਚ ਹੀ ਮੈਡੀਕਲ ਕੈਂਪ ਬਣਾਇਆ ਗਿਆ ਸੀ।
ਬਚਾਏ ਗਏ ਵਰਕਰਾਂ ਨਾਲ ਮੌਕੇ ‘ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਕੇਂਦਰੀ ਮੰਤਰੀ ਵੀ.ਕੇ. ਸਿੰਘ ਨੇ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਜ਼ਮੀਨ ਖਿਸਕਣ ਕਾਰਨ ਉਸਾਰੀ ਅਧੀਨ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ। ਸੁਰੰਗ ਦਾ ਇਕ ਹਿੱਸਾ ਢਹਿਣ ਕਾਰਨ ਬਾਹਰ ਨਿਕਲਣ ਦਾ ਰਸਤਾ ਬੰਦ ਹੋ ਗਿਆ ਸੀ ਤੇ ਵਰਕਰ ਅੰਦਰ ਫਸ ਗਏ ਸਨ। ਉਦੋਂ ਤੋਂ ਹੀ ਵਰਕਰਾਂ ਨੂੰ ਛੇ ਇੰਚ ਦੀ ਪਾਈਪ ਰਾਹੀਂ ਭੋਜਨ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਜਾ ਰਹੀਆਂ ਸਨ। ਇਹ ਪਾਈਪ ਢਹਿ ਗਏ ਹਿੱਸੇ ਦੇ ਮਲਬੇ ਵਿਚੋਂ ਪਾਈ ਗਈ ਸੀ। ਕਰੀਬ 17 ਦਿਨ ਚੱਲੇ ਇਸ ਬਚਾਅ ਅਪਰੇਸ਼ਨ ਦੌਰਾਨ ਕਈ ਵਾਰ ਉਮੀਦ ਦੀ ਕਿਰਨ ਜਾਗੀ ਤੇ ਕਈ ਵਾਰ ਨਿਰਾਸ਼ਾ ਵੀ ਹੱਥ ਲੱਗੀ। ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ.ਡੀ.ਆਰ.ਐੱਫ.) ਦੇ ਕਰਮੀਆਂ ਨੇ ਸੁਰੰਗ ‘ਚ ਫਸੇ ਵਰਕਰਾਂ ਨੂੰ ਸਟੀਲ ਦੇ ਪਾਈਪ ਰਾਹੀਂ ਬਾਹਰ ਕੱਢਿਆ, ਜੋ ਕਿ 60 ਮੀਟਰ ਦੇ ‘ਐਸਕੇਪ ਪੈਸੇਜ’ (ਬਚਾਅ ਦਾ ਰਾਹ) ਵਿਚ ਪਾਇਆ ਗਿਆ ਸੀ। ਸੁਰੰਗ ‘ਚ ਫਸੇ 41 ਵਰਕਰਾਂ ਵਿਚੋਂ ਪਹਿਲੇ ਵਰਕਰ ਨੂੰ ਲੈ ਕੇ ਐਂਬੂਲੈਂਸ ਰਾਤ ਕਰੀਬ 8 ਵਜੇ ਬਾਹਰ ਨਿਕਲੀ। ਇਸ ਤੋਂ ਪਹਿਲਾਂ ਕਰੀਬ ਇਕ ਘੰਟਾ ‘ਰੈਟ-ਹੋਲ’ ਮਾਈਨਿੰਗ ਮਾਹਿਰ ਮਲਬੇ ਦੇ ਆਖ਼ਰੀ ਹਿੱਸੇ ਨੂੰ ਪੁੱਟਣ ‘ਚ ਲੱਗੇ ਰਹੇ। ਕਈ ਦਿਨਾਂ ਤੋਂ ਬਣੇ ਇਸ ਸੰਕਟ ਦੇ ਹੱਲ ਹੋਣ ਦੇ ਨਾਲ ਹੀ ਮੌਕੇ ‘ਤੇ ਮੌਜੂਦ ਲੋਕਾਂ ਨੇ ਇਕ-ਦੂਜੇ ਨੂੰ ਜੱਫੀਆਂ ਪਾ ਲਈਆਂ ਤੇ ਖ਼ੁਸ਼ੀ ਵਿਚ ‘ਹਰ ਹਰ ਮਹਾਦੇਵ’ ਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਮੌਕੇ ਉਤੇ ਮੌਜੂਦ ਐਂਬੂਲੈਂਸਾਂ ਵਰਕਰਾਂ ਨੂੰ ਸਥਾਨਕ ਕਮਿਊਨਿਟੀ ਸਿਹਤ ਕੇਂਦਰ ਲੈ ਕੇ ਗਈਆਂ ਜਿੱਥੇ ਵਿਸ਼ੇਸ਼ ਤੌਰ ‘ਤੇ 41 ਬਿਸਤਰਿਆਂ ਦਾ ਵਾਰਡ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਸਟੀਲ ਪਾਈਪ ਰਾਹੀਂ ਬਾਹਰ ਨਿਕਲੇ ਵਰਕਰਾਂ ਦੀ ਤੁਰੰਤ ਸਿਹਤ ਜਾਂਚ ਕੀਤੀ ਗਈ। ਰੈਟ ਹੋਲ ਮਾਈਨਿੰਗ ਭਾਵੇਂ ਗ਼ੈਰਕਾਨੂੰਨੀ ਹੋ ਸਕਦੀ ਹੈ ਪਰ ਸਿਲਕਿਆਰਾ ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਨਾਲ ਫ਼ਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਜਾਰੀ ਬਚਾਅ ਕਾਰਜਾਂ ਲਈ ‘ਰੈਟ ਹੋਲ’ ਕਾਮਿਆਂ ਦੇ ਹੁਨਰ ਅਤੇ ਤਜਰਬੇ ਦੀ ਵਰਤੋਂ ਕੀਤੀ ਗਈ। ਇਹ ਗੱਲ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਇੱਕ ਮੈਂਬਰ ਨੇ ਇੱਥੇ ਕਹੀ। ਅਥਾਰਿਟੀ ਦੇ ਮੈਂਬਰ ਲੈਫਟੀਨੈੱਟ ਜਨਰਲ (ਸੇਵਾਮੁਕਤ) ਸਈਦ ਅਤਾ ਹਸਨੈਨ ਨੇ ਕਿਹਾ ਕਿ ਰੈਟ ਹੋਲ ਕਾਮਿਆਂ ਨੇ 24 ਘੰਟੇ ਤੋਂ ਘੱਟ ਸਮੇਂ ਵਿੱਚ 10 ਮੀਟਰ ਦੀ ਖੁਦਾਈ ਕਰਕੇ ਅਨੋਖਾ ਕਾਰਜ ਕੀਤਾ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ‘ਰੈਟ ਹੋਲ’ ਖਣਨ ਗ਼ੈਰਕਾਨੂੰਨੀ ਹੋ ਸਕਦਾ ਹੈ ਪਰ ‘ਰੈਟ-ਹੋਲ’ ਕਾਮਿਆਂ ਦਾ ਹੁਨਰ, ਤਜਰਬੇ ਅਤੇ ਕਾਰਗੁਜ਼ਾਰੀ ਦੀ ਵਰਤੋਂ ਹੀ ਅਖੀਰ ਨੂੰ ਕੰਮ ਆਈ।