#AMERICA

120 ਮੋਟਲਾਂ ਦੇ ਮਾਲਕ ਭਾਰਤੀ-ਅਮਰੀਕੀ ਨੂੰ ਧੱਕਾ ਮਾਰ ਕੇ ਮੌਤ ਦੇ ਘਾਟ ਉਤਾਰਿਆ

ਨਿਊਯਾਰਕ, 26 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਓਕਲਾਹੋਮਾ ਸੂਬੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਗੁਜਰਾਤ ਸੂਬੇ ਦੇ ਨਵਸਾਰੀ ਜ਼ਿਲ੍ਹੇ ਦੇ ਪਿੰਡ ਬਿਲੀਮੋਰਾ ਦੇ ਰਹਿਣ ਵਾਲੇ ਅਤੇ ਕਈ ਸਾਲਾਂ ਤੋਂ ਅਮਰੀਕਾ ‘ਚ ਵਸੇ ਇਕ ਮੋਟਲ ਦੇ ਮਾਲਕ ਹਿੰਮਤ ਭਾਈ ਮਿਸਤਰੀ ਨੂੰ ਇਕ ਅਮਰੀਕੀ ਨੌਜਵਾਨ ਨੇ ਉਸ ਸਮੇਂ ਧੱਕਾ ਮਾਰ ਦਿੱਤਾ, ਜਦੋਂ ਉਸ ਨੇ ਉਸ ਨੂੰ ਆਪਣੇ ਮੋਟਲ ਦੇ ਸਾਹਮਣੇ ਰੱਖਿਆ ਸਾਮਾਨ ਲਿਜਾਣ ਲਈ ਕਿਹਾ। ਇਸ ਕਾਰਨ ਮੋਟਲ ਦੇ ਮਾਲਕ ਹਿੰਮਤ ਭਾਈ ਮਿਸਤਰੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ, ਜਿਸ ਕਾਰਨ ਉਸਦੇ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ। 59 ਸਾਲਾ ਹਿੰਮਤ ਭਾਈ ਮਿਸਤਰੀ ਦੋ ਦਹਾਕੇ ਪਹਿਲਾਂ ਭਾਰਤ ਛੱਡ ਕੇ ਆਪਣੇ ਪਰਿਵਾਰ ਨਾਲ ਅਮਰੀਕਾ ਆ ਕੇ ਵੱਸ ਗਏ ਸਨ। ਉਹ ਅਮਰੀਕਾ ਦੇ ਓਕਲਾਹੋਮਾ ਸ਼ਹਿਰ ਵਿਚ ਮੋਟਲ ਦਾ ਕਾਰੋਬਾਰ ਚਲਾ ਰਿਹਾ ਸੀ। ਉਹ 120 ਤੋਂ ਵੱਧ ਮੋਟਲਾਂ ਦਾ ਮਾਲਕ ਸੀ। ਹੇਮੰਤ ਭਾਈ ਮਿਸਤਰੀ ਬੀਤੀ ਰਾਤ ਕਰੀਬ 10:30 ਵਜੇ ਆਪਣੇ ਮੋਟਲ ਦੇ ਬਾਹਰ ਸੈਰ ਕਰਨ ਗਿਆ ਸੀ। ਫਿਰ ਉਸ ਨੇ ਦੇਖਿਆ ਕਿ ਇਕ ਅਣਪਛਾਤਾ ਅਮਰੀਕੀ ਨੌਜਵਾਨ ਮੋਟਲ ਦੇ ਸਾਹਮਣੇ ਆਪਣਾ ਸਾਮਾਨ ਛੱਡ ਕੇ ਆਇਆ ਸੀ। ਇਸ ਲਈ ਹੇਮੰਤ ਭਾਈ ਉਸ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਆਪਣਾ ਸਮਾਨ ਇੱਥੋਂ ਹਟਾ ਦਿਉ। ਇਹ ਸੁਣ ਕੇ ਨੌਜਵਾਨ ਗੁੱਸੇ ਵਿਚ ਆ ਗਿਆ ਅਤੇ ਹੇਮੰਤ ਭਾਈ ‘ਤੇ ਹਮਲਾ ਕਰਕੇ ਉਸ ਨੂੰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਹੇਮੰਤ ਭਾਈ ਸੜਕ ‘ਤੇ ਡਿੱਗ ਗਿਆ ਅਤੇ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਅਤੇ ਦਿਮਾਗੀ ਹੈਮਰੇਜ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਨੌਜਵਾਨ ਉੱਥੋਂ ਫਰਾਰ ਹੋ ਗਿਆ। ਕਾਫੀ ਦੇਰ ਬਾਅਦ ਹੇਮੰਤ ਭਾਈ ਘਰ ਨਾ ਆਇਆ, ਤਾਂ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰਨ ਮੋਟਲ ਗਏ, ਤਾਂ ਉਹ ਸੜਕ ‘ਤੇ ਬੇਹੋਸ਼ੀ ਦੀ ਹਾਲਤ ‘ਚ ਮਿਲਿਆ। ਜਿੱਥੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਦੋਂ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ, ਤਾਂ ਪਰਿਵਾਰ ‘ਚ ਮਾਤਮ ਛਾ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਘਟਨਾ ਦੇ ਸੀ.ਸੀ.ਟੀ.ਵੀ. ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਦੀ ਪਛਾਣ ਕਰ ਲਈ ਹੈ। ਦੋਵਾਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਹਮਲਾ ਅਮਰੀਕੀ ਨੌਜਵਾਨ ਨੇ ਕੀਤਾ। ਹਮਲਾਵਰ ਦੀ ਪਛਾਣ ਰਿਚਰਡ ਲੁਈਸ ਵਜੋਂ ਹੋਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਹੇਮੰਤ ਭਾਈ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਅੰਗ ਦਾਨ ਕੀਤੇ ਜਾਣਗੇ।