#OTHERS

12 ਸਾਲਾਂ ‘ਚ ਪਹਿਲੀ ਵਾਰ ਚੀਨੀ ਰਾਸ਼ਟਰਪਤੀ ਬ੍ਰਿਕਸ ਸੰਮੇਲਨ ‘ਚ ਨਹੀਂ ਲੈਣਗੇ ਹਿੱਸਾ

ਬੀਜਿੰਗ, 3 ਜੁਲਾਈ (ਪੰਜਾਬ ਮੇਲ)-ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫ਼ਤੇ ਬ੍ਰਾਜ਼ੀਲ ਵਿਚ ਹੋਣ ਵਾਲੇ ਬ੍ਰਿਕਸ ਸੰਮੇਲਨ ‘ਚ ਹਿੱਸਾ ਨਹੀਂ ਲੈਣਗੇ। ਪ੍ਰਧਾਨ ਮੰਤਰੀ ਲੀ ਕੇਕਿਆਂਗ ਉਨ੍ਹਾਂ ਦੀ ਜਗ੍ਹਾ ਸੰਮੇਲਨ ਵਿਚ ਹਿੱਸਾ ਲੈਣਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ। 17ਵਾਂ ਬ੍ਰਿਕਸ ਸੰਮੇਲਨ 5 ਤੋਂ 8 ਜੁਲਾਈ ਤੱਕ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਿਚ ਹਿੱਸਾ ਲੈਣਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓਨਿੰਗ ਨੇ ਇਕ ਮੀਡੀਆ ਬ੍ਰੀਫਿੰਗ ‘ਚ ਦੱਸਿਆ ਕਿ ਪ੍ਰਧਾਨ ਮੰਤਰੀ ਲੀ ਬ੍ਰਾਜ਼ੀਲ ਵਿਚ ਹੋਣ ਵਾਲੇ ਸੰਮੇਲਨ ਵਿਚ ਹਿੱਸਾ ਲੈਣਗੇ। ਹਾਲਾਂਕਿ, ਉਸਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਬਚਿਆ ਕਿ ਜਿਨਪਿੰਗ ਨੇ ਇਸ ਸੰਮੇਲਨ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕਿਉਂ ਕੀਤਾ।
ਉਨ੍ਹਾਂ ਕਿਹਾ ਕਿ ਉਹ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਬ੍ਰਿਕਸ ਸੰਮੇਲਨ ਤੋਂ ਕਦੇ ਵੀ ਗੈਰਹਾਜ਼ਰ ਨਹੀਂ ਰਹੇ। ਬ੍ਰਿਕਸ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਇਸ ਸਮੂਹ ਦਾ ਵਿਸਥਾਰ ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ ਅਤੇ ਯੂ.ਏ.ਈ. ਨੂੰ ਸ਼ਾਮਲ ਕਰਕੇ ਕੀਤਾ ਗਿਆ ਹੈ।