#PUNJAB

12 ਜੁਲਾਈ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋਵੇਗੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’

ਮੇਰੀਆਂ ਅੱਜ ਦੀਆਂ ਫ਼ਿਲਮਾਂ ‘ਚੋਂ ਇਹ ਸਭ ਤੋਂ ਵੱਖਰੀ ਫ਼ਿਲਮ : ਦੇਵ ਖਰੌੜ
ਜਲੰਧਰ, 10 ਜੁਲਾਈ (ਪੰਜਾਬ ਮੇਲ)- ਰਿਸ਼ਤਿਆਂ ਦੇ ਤਾਣੇ-ਬਾਣੇ ਨੂੰ ਸਮਝਣ, ਗੁਰਬਾਣੀ ਤੇ ਲੜ ਲੱਗਣ ਤੇ ਚੰਗੀ ਸੋਚ ਨਾਲ ਮੁਸ਼ਕਲ ਹਾਲਾਤ ‘ਚੋਂ ਬਾਹਰ ਨਿਕਲਣ ਦੀ ਕਹਾਣੀ ਬਿਆਨ ਕਰਦੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ 12 ਜੁਲਾਈ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਦਰਸ਼ਕਾਂ ਵਿਚ ਫ਼ਿਲਮ ਪ੍ਰਤੀ ਉਤਸੁਕਤਾ ਪਾਈ ਜਾ ਰਹੀ ਹੈ।
ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਤਰਨਵੀਰ ਜਗਪਾਲ ਨੇ ਕਿਹਾ ਕਿ ਫ਼ਿਲਮ ਦੇ ਮੁੱਖ ਕਲਾਕਾਰਾਂ ਵਿਚ ਦੇਵ ਖਰੌੜ, ਯੋਗਰਾਜ ਸਿੰਘ, ਹਰਜੀ ਨਾਗਰਾ, ਕਿੰਮੀ ਵਰਮਾ, ਸਰਬਜੀਤ ਚੀਮਾ, ਮੋਨਿਕਾ ਗਿੱਲ, ਈਸ਼ਾ ਰਿਖੀ, ਹਾਰਬੀ ਸੰਘਾ, ਕਮਲਜੀਤ ਨੀਰੂ, ਬਲਜਿੰਦਰ ਸਿੰਘ ਅਟਵਾਲ, ਸਰਿਤਾ ਤਿਵਾੜੀ ਸਮੇਤ ਹੋਰ ਅਦਾਕਾਰਾਂ ਨੇ ਬਹੁਤ ਸੋਹਣੀ ਅਦਾਕਾਰੀ ਕੀਤੀ ਹੈ।
ਫ਼ਿਲਮ ਦੇ ਗੀਤ ਅਮਰਿੰਦਰ ਗਿੱਲ, ਵੀਤ ਬਲਜੀਤ, ਜੈਨੀ ਜੌਹਲ, ਬਾਬਾ ਗੁਲਾਬ ਸਿੰਘ, ਕਮਲ ਖ਼ਾਂ ਤੇ ਹਿਮਾਂਸ਼ੂ ਸ਼ਰਮਾ ਨੇ ਗਾਏ ਹਨ। ਫ਼ਿਲਮ ਦੀ ਸ਼ੂਟਿੰਗ ਕਨੇਡਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਹੈ।
ਦੇਵ ਖਰੌੜ ਨੇ ਕਿਹਾ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਉਸ ਦੀਆਂ ਹੁਣ ਤੱਕ ਰਿਲੀਜ਼ ਹੋਈਆਂ ਸਾਰੀਆਂ ਫ਼ਿਲਮਾਂ ਤੋਂ ਵੱਖਰੀ ਹੈ। ਇਹ ਬਾਣੀ ‘ਤੇ ਭਰੋਸਾ ਬੰਨ੍ਹਾਉਣ ਵਾਲੀ ਹੈ ਤੇ ਗੁਰੂਆਂ ਦੇ ਫ਼ਲਸਫ਼ੇ ਮੁਤਾਬਕ ਅੱਗੇ ਵਧਣ ਲਈ ਪ੍ਰੇਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਦੀਆਂ ਫ਼ਿਲਮਾਂ ਨਾਲੋਂ ਵੱਖਰੇ ਵਿਸ਼ੇ ਦੀ ਇਹ ਫ਼ਿਲਮ ਘਰ-ਘਰ ਦੀ ਕਹਾਣੀ ਹੈ। ਹਰ ਕਿਸੇ ਜ਼ਿੰਦਗੀ ਵਿਚ ਸਮੇਂ-ਸਮੇਂ ‘ਤੇ ਵੱਡੇ ਸੰਕਟ ਆਉਂਦੇ ਹਨ ਤੇ ਇਹ ਫ਼ਿਲਮ ਉਨ੍ਹਾਂ ਸੰਕਟਾਂ ‘ਚੋਂ ਗੁਰੂ ਦੇ ਆਸਰੇ ਨਾਲ ਪਾਰ ਲੰਘਣ ਦੀ ਗੱਲ ਪੇਸ਼ ਕਰਦੀ ਹੈ।
ਦੱਸਣਯੋਗ ਹੈ ਕਿ ਫ਼ਿਲਮ ਦੇ ਨਿਰਮਾਤਾ ਤਰਨਵੀਰ ਸਿੰਘ ਜਗਪਾਲ, ਸੁਨੀਲ ਸ਼ਰਮਾ, ਦਰਸ਼ਨ ਸ਼ਰਮਾ ਤੇ ਚਰਨਪ੍ਰੀਤ ਬੱਲ ਹਨ।