ਨਿਊਯਾਰਕ, 18 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦਾ ਨੌਜਵਾਨ ਬਿੱਟੂ ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ ਅਤੇ ਹੁਣ ਪਿਛਲੇ 6 ਮਹੀਨਿਆਂ ਤੋਂ ਅਮਰੀਕੀ ਜੇਲ੍ਹ ‘ਚ ਬੰਦ ਹੈ। ਉਸ ਦੀ ਗ੍ਰਿਫ਼ਤਾਰੀ ਫਰਵਰੀ 2025 ਵਿਚ ਹੋਈ ਸੀ, ਜਦੋਂ ਉਹ ਸ਼ਰਾਬ ਪੀ ਕੇ ਕਾਰ ਚਲਾ ਰਿਹਾ ਸੀ ਅਤੇ ਇਸ ਦੌਰਾਨ ਉਸ ਦੀ ਕਾਰ ਨਾਲ ਇਕ ਹਾਦਸਾ ਵਾਪਰ ਗਿਆ ਸੀ।
2015 ਤੋਂ ਬਿੱਟੂ ਅਮਰੀਕਾ ‘ਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਰਹਿ ਰਿਹਾ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਡਿਪੋਰਟੇਸ਼ਨ ਲੈਟਰ ਜਾਰੀ ਹੋ ਚੁੱਕਾ ਸੀ, ਪਰ ਉਹ ਲੁੱਕ-ਛਿਪ ਕੇ ਆਪਣਾ ਜੀਵਨ ਬਿਤਾ ਰਿਹਾ ਸੀ। ਹਾਦਸੇ ਦੇ ਸਮੇਂ ਉਸ ਦੀ ਕਾਰ ਦਾ ਬੀਮਾ ਨਹੀਂ ਸੀ, ਜਿਸ ਕਾਰਨ ਉਸ ‘ਤੇ ਹੋਰ ਗੰਭੀਰ ਦੋਸ਼ ਲੱਗ ਗਏ।
ਬਿੱਟੂ ਦੀ ਗ੍ਰਿਫ਼ਤਾਰੀ ਵੇਲੇ ਉਸ ਦੀ ਪਤਨੀ ਪਿੰਕੀ 8ਵੇਂ ਮਹੀਨੇ ਦੀ ਗਰਭਵਤੀ ਸੀ। ਬੀਤੇ ਮਾਰਚ ਮਹੀਨੇ ਉਸ ਨੇ ਇਕ ਧੀ ਨੂੰ ਜਨਮ ਦਿੱਤਾ। ਗ੍ਰਿਫ਼ਤਾਰੀ ਕਾਰਨ ਅੱਜ ਤੱਕ ਬਿੱਟੂ ਨੂੰ ਆਪਣੀ ਧੀ ਨੂੰ ਗੋਦੀ ‘ਚ ਚੁੱਕਣ ਤੱਕ ਦਾ ਵੀ ਮੌਕਾ ਨਹੀਂ ਮਿਲਿਆ।
ਪਿੰਕੀ ਇਸ ਵੇਲੇ ਅਲਾਬਾਮਾ ‘ਚ ਇਕੱਲੀ ਰਹਿ ਰਹੀ ਹੈ। ਪਤੀ ਦੀ ਗੈਰਹਾਜ਼ਰੀ ਕਾਰਨ ਉਹ ਆਪਣਾ ਤੇ ਆਪਣੀ ਧੀ ਦਾ ਢਿੱਡ ਭਰਨ ਲਈ ਬਿਨਾਂ ਤਨਖਾਹ ਦੇ ਤੇ ਸਿਰਫ਼ ਛੋਟੀ-ਮੋਟੀ ਮਦਦ ਲਈ ਘਰੇਲੂ ਕੰਮਕਾਜ ਕਰਦੀ ਹੈ। ਉਹ ਖ਼ੁਦ ਵੀ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹੈ ਅਤੇ ਨਵਜੰਮੀ ਧੀ ਨੂੰ ਪਾਲਣ ਲਈ ਉਸ ਕੋਲ ਕੋਈ ਸਾਧਨ ਨਹੀਂ ਹੈ।
ਬਿੱਟੂ ‘ਤੇ ਡੀ.ਯੂ.ਆਈ. (ਡਰਾਈਵਿੰਗ ਅੰਡਰ ਇਨਫਲੂਐਂਸ), ਬੀਮੇ ਤੋਂ ਬਿਨਾਂ ਵਾਹਨ ਚਲਾਉਣਾ ਅਤੇ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਵਰਗੇ ਗੰਭੀਰ ਦੋਸ਼ ਲੱਗੇ ਹਨ। ਹੁਣ ਉਸ ਦਾ ਭਵਿੱਖ ਅਮਰੀਕੀ ਜੇਲ੍ਹ ਅਤੇ ਭਾਰਤ ਵਾਪਸੀ (ਡਿਪੋਰਟੇਸ਼ਨ) ਵਿਚਕਾਰ ਫਸਿਆ ਹੋਇਆ ਹੈ।
ਇਹ ਮਾਮਲਾ ਇਕ ਵਾਰ ਫਿਰ ਦਰਸਾਉਂਦਾ ਹੈ ਕਿ ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਪਰਿਵਾਰ ਕਿਹੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ।
10 ਸਾਲਾਂ ਤੋਂ ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਭਾਰਤੀ ਨੌਜਵਾਨ ਹੋਇਆ ਗ੍ਰਿਫ਼ਤਾਰ
