ਨਵੀਂ ਦਿੱਲੀ, 5 ਸਤੰਬਰ (ਪੰਜਾਬ ਮੇਲ)- ਕੈਨੇਡਾ ‘ਚ ਮੌਜੂਦ ਪ੍ਰਵਾਸੀਆਂ ਦੀ ਗਿਣਤੀ ਬਾਰੇ ਵਿਵਾਦ ਛਿੜ ਗਿਆ ਜਦੋਂ ਸੀ.ਆਈ.ਬੀ.ਸੀ. ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਕਿ ਤਕਰੀਬਨ 10 ਲੱਖ ਲੋਕ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਮੁਲਕ ਛੱਡ ਕੇ ਨਹੀਂ ਗਏ। ਬਗੈਰ ਵੀਜ਼ਾ ਤੋਂ ਰਹਿ ਰਹੇ ਲੋਕਾਂ ਦੇ ਇਸ ਅੰਕੜੇ ਨੂੰ ਰਿਹਾਇਸ਼ ਸੰਕਟ ਨਾਲ ਜੋੜਿਆ ਜਾ ਰਿਹੈ ਜੋ ਕੈਨੇਡਾ ਵਿਚ ਭਖਦਾ ਮੁੱਦਾ ਬਣ ਚੁੱਕਾ ਹੈ। ਰਿਪੋਰਟ ਮੁਤਾਬਕ 2017 ਤੋਂ 2022 ਦਰਮਿਆਨ ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਕੈਨੇਡਾ ਵਿਚ ਰਹਿ ਰਹੇ ਲੋਕਾਂ ਦੀ ਗਿਣਤੀ ਸਾਢੇ ਸੱਤ ਲੱਖ ਤੱਕ ਪਹੁੰਚ ਗਈ ਜਦਕਿ ਇਸ ਵੇਲੇ ਇਹ ਅੰਕੜਾ 10 ਲੱਖ ਦੇ ਨੇੜੇ ਪੁੱਜ ਚੁੱਕਾ ਹੈ। ਸੀ.ਆਈ.ਬੀ.ਸੀ. ਦੇ ਡਿਪਟੀ ਚੀਫ਼ ਇਕੌਨੋਮਿਸਟ ਬੈਂਜਾਮਿਨ ਤਲ ਨੇ ਕਿਹਾ ਕਿ ਮਰਦਮਸ਼ੁਮਾਰੀ ਦੌਰਾਨ 10 ਲੱਖ ਨਾਨ ਪਰਮਾਨੈਂਟ ਰੈਜ਼ੀਡੈਂਟਸ ਨੂੰ ਗਿਣਿਆ ਨਹੀਂ ਗਿਆ ਅਤੇ ਇਹ ਤੱਥ ਵੀ ਇਕ ਪਾਸੇ ਰੱਖ ਦਿੱਤਾ ਗਿਆ ਕਿ ਵੱਡੀ ਗਿਣਤੀ ਵਿਚ ਲੋਕ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਇਥੇ ਹੀ ਟਿਕੇ ਹੋਏ ਹਨ।