#INDIA

1 ਮਈ ਤੋਂ 30 ਜੂਨ ਤੱਕ ਗਰਮੀਆਂ ਦੌਰਾਨ ਬਿਜਲੀ ਦੀ ਮੰਗ ਪੂਰੀ ਕਰਨ ਲਈ ਸਰਕਾਰ ਵੱਲੋਂ ਜੀ.ਬੀ.ਐੱਸਜ਼ ਚਲਾਉਣ ਦੇ ਨਿਰਦੇਸ਼

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਸਰਕਾਰ ਨੇ ਇਸ ਗਰਮੀ ਦੀ ਲੰਮੀ ਲਹਿਰ ਕਾਰਨ ਬਿਜਲੀ ਦੀ ਮੰਗ ਵਧਣ ਦੇ ਮੱਦੇਨਜ਼ਰ ਸਾਰੇ ਗੈਸ-ਆਧਾਰਿਤ ਬਿਜਲੀ ਪੈਦਾ ਕਰਨ ਵਾਲੇ ਸਟੇਸ਼ਨਾਂ ਨੂੰ 1 ਮਈ ਤੋਂ 30 ਜੂਨ ਤੱਕ ਆਪਣੇ ਪਲਾਂਟ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਗੈਸ-ਆਧਾਰਿਤ ਜਨਰੇਟਿੰਗ ਸਟੇਸ਼ਨਾਂ (ਜੀ.ਬੀ.ਐੱਸਜ਼) ਦਾ ਮਹੱਤਵਪੂਰਨ ਹਿੱਸਾ ਇਸ ਵੇਲੇ ਵਰਤੋਂ ਵਿਚ ਨਹੀਂ ਹੈ। ਮੰਤਰਾਲੇ ਨੇ ਇਨ੍ਹਾਂ ਗਰਮੀਆਂ (ਅਪ੍ਰੈਲ ਤੋਂ ਜੂਨ 2024) ਵਿਚ 260 ਗੀਗਾਵਾਟ ਪੀਕ ਪਾਵਰ ਮੰਗ ਦਾ ਅਨੁਮਾਨ ਲਗਾਇਆ ਹੈ। ਪਿਛਲੇ ਸਾਲ ਸਤੰਬਰ ‘ਚ ਪੀਕ ਪਾਵਰ ਡਿਮਾਂਡ 243 ਗੀਗਾਵਾਟ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ। ਬਿਜਲੀ ਮੰਤਰਾਲੇ ਦੇ ਬਿਆਨ ਅਨੁਸਾਰ ਇਹ ਹੁਕਮ 1 ਮਈ 2024 ਤੋਂ 30 ਜੂਨ 2024 ਤੱਕ ਬਿਜਲੀ ਦੇ ਉਤਪਾਦਨ ਅਤੇ ਸਪਲਾਈ ਲਈ ਹੈ।