#AMERICA

ਹੱਤਿਆ ਮਾਮਲੇ ‘ਚ ਪੈਰੋਲ ‘ਤੇ ਆਇਆ ਵਿਅਕਤੀ ਆਪਣੀ ਗਰਭਵਤੀ ਪਤਨੀ ਦਾ ਕਤਲ ਕਰਕੇ ਹੋਇਆ ਫਰਾਰ

ਸੈਕਰਾਮੈਂਟੋ, 29 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਆਪਣੀ ਗਰਭਵਤੀ ਪਤਨੀ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਵੱਡੀ ਪੱਧਰ ‘ਤੇ ਮਿਨੀਸੋਟਾ ਦੇ ਇਕ ਵਿਅਕਤੀ ਦੀ ਭਾਲ ਕਰ ਰਹੀ ਹੈ। ਮਾਈਕਲ ਸਟਾਵਰਜ (36) ਨੂੰ ਹਾਲ ਹੀ ਵਿਚ ਹੱਤਿਆ ਦੇ ਇਕ ਮਾਮਲੇ ਵਿਚ ਪੈਰੋਲ ਉਪਰ ਰਿਹਾਅ ਕੀਤਾ ਗਿਆ ਸੀ। ਉਸ ਵਿਰੁੱਧ ਆਪਣੀ ਪਤਨੀ ਡਮਾਰਾ ਅਲੈਕਸਿਸ ਕਿਰਕਲੈਂਡ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਦਾਇਰ ਕੀਤੇ ਗਏ ਹਨ, ਜੋ ਤਕਰੀਬਨ 2 ਮਹੀਨੇ ਤੋਂ ਗਰਭਵਤੀ ਸੀ। ਸਟਾਵਰਜ ਵੱਲੋਂ ਘਟਨਾ ਉਪਰੰਤ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਉਪਰੰਤ ਉਸ ਦੀ ਕਾਰ ਖੋਹ ਕੇ ਫਰਾਰ ਹੋ ਜਾਣ ਦੀ ਰਿਪੋਰਟ ਹੈ। ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਅਫਸਰ ਮੌਕੇ ‘ਤੇ ਪੁੱਜੇ, ਤਾਂ ਕਿਰਕਲੈਂਡ ਦੀ ਲਾਸ਼ ਫਰਸ਼ ਉਪਰ ਪਈ ਸੀ। ਸਟਾਵਰਜ ਨੂੰ 2008 ‘ਚ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਮਾਰਚ ਵਿਚ ਪੈਰੋਲ ਮਿਲੀ ਸੀ। ਇਸ ਗੋਲੀਬਾਰੀ ਵਿਚ ਸੇਂਟ ਪਾਲ ਖੇਤਰ ਦਾ ਇਕ ਵਸਨੀਕ ਮਾਰਿਆ ਗਿਆ ਸੀ ਤੇ ਇਸ ਮਾਮਲੇ ਵਿਚ ਸਟਾਵਰਜ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਦਾਇਰ ਕੀਤੇ ਗਏ ਸਨ। ਮੁੱਢਲੀ ਜਾਂਚ ਅਨੁਸਾਰ ਜੋ ਗੰਨ ਕਿਰਕਲੈਂਡ ਦੀ ਹੱਤਿਆ ਲਈ ਵਰਤੀ ਗਈ ਹੈ, ਉਸ ਦੀ ਵਰਤੋਂ ਹੀ ਕਾਰ ਖੋਹਣ ਦੀ ਘਟਨਾ ਵਿਚ ਕੀਤੀ ਗਈ ਹੈ।