#AMERICA

ਹੱਤਿਆ ਦੇ ਮਾਮਲੇ ‘ਚ ਦੋਸ਼ੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਦਾ ਦੀ ਨੀਂਦ ਸਵਾਇਆ

ਸੈਕਰਾਮੈਂਟੋ, 4 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਰੋਲੀਨਾ ‘ਚ ਮੈਰੀਅਨ ਬੋਮੈਨ ਜੂਨੀਅਰ ਨਾਮੀ ਵਿਅਕਤੀ ਨੂੰ ਹੱਤਿਆ ਦੇ ਇਕ ਮਾਮਲੇ ਵਿਚ ਅਦਾਲਤ ਵੱਲੋਂ ਸੁਣਾਈ ਸਜ਼ਾ ਅਨੁਸਾਰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੇਣ ਦੀ ਖਬਰ ਹੈ। ਬੋਮੈਨ ਨੂੰ 6.27 ਵਜੇ ਸ਼ਾਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਨੂੰ 2001 ਵਿਚ 21 ਸਾਲਾ ਕੈਂਡੀ ਮਾਰਟਿਨ ਨਾਮੀ ਨੌਜਵਾਨ ਮਾਂ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪੁਲਿਸ ਨੇ ਮਾਰਟਿਨ ਦੀ ਗੋਲੀਆਂ ਵਿੰਨੀ ਲਾਸ਼ ਉਸ ਦੀ ਆਪਣੀ ਕਾਰ ਵਿਚੋਂ ਬਰਾਮਦ ਕੀਤੀ ਸੀ, ਜਿਸ ਕਾਰ ਨੂੰ ਅੱਗ ਲਾ ਦਿੱਤੀ ਗਈ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਬੋਮੈਨ ਲੰਬੇ ਸਮੇ ਤੋਂ ਮਾਰਟਿਨ ਦਾ ਦੋਸਤ ਸੀ ਤੇ ਉਹ ਉਸ ਨਾਲ ਸਰੀਰਕ ਸਬੰਧ ਵੀ ਬਣਾਉਂਦਾ ਰਿਹਾ ਸੀ। ਬੋਮੈਨ ਨੇ ਮੰਨਿਆ ਕਿ ਉਹ ਮਾਰਟਿਨ ਨੂੰ ਕੁਕੀਨ ਦਿੰਦਾ ਸੀ ਪਰੰਤੂ ਬੋਮੈਨ ਹਮੇਸ਼ਾਂ ਆਪਣੇ ਆਪ ਨੂੰ ਨਿਰਦੋਸ਼ ਕਹਿੰਦਾ ਰਿਹਾ ਹੈ। ਆਪਣੀ ਲੀਗਲ ਟੀਮ ਰਾਹੀਂ ਜਾਰੀ ਆਪਣੇ ਆਖਰੀ ਸ਼ਬਦਾਂ ਵਿਚ ਬੋਮੈਨ ਨੇ ਕਿਹਾ ”ਮੈਂ ਮਾਰਟਿਨ ਦੀ ਹੱਤਿਆ ਨਹੀਂ ਕੀਤੀ, ਮੈ ਨਿਰਦੋਸ਼ ਹਾਂ ਤੇ ਮੈਂ ਉਸ ਗੁਨਾਹ ਲਈ ਮਰਨ ਜਾ ਰਿਹਾ ਹਾਂ, ਜੋ ਮੈਂ ਕੀਤਾ ਹੀ ਨਹੀਂ ਹੈ।”