#PUNJAB

ਹੜ੍ਹਾਂ ਤੋਂ ਬਾਅਦ ਝੋਨੇ ਦੀ ਫ਼ਸਲ ‘ਚੀਨੀ ਵਾਇਰਸ’ ਦੀ ਲਪੇਟ ਵਿਚ

ਚੰਡੀਗੜ੍ਹ, 15 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਤੋਂ ਬਾਅਦ ਹੁਣ ਇਕ ਨਵੀਂ ਪ੍ਰੇਸ਼ਾਨੀ ਨੇ ਘੇਰ ਲਿਆ ਹੈ। ਦਰਅਸਲ, ਹੁਣ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਝੋਨੇ ਦੀ ਫ਼ਸਲ ‘ਚੀਨੀ ਵਾਇਰਸ’ ਦੀ ਲਪੇਟ ਵਿਚ ਆਉਣ ਲੱਗ ਪਈ ਹੈ। ਇਸ ਵਾਇਰਸ ਨੇ ਪੱਕੀ-ਪਕਾਈ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਕੇ ਬਰਬਾਦ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਇਸ ਵਾਇਰਸ ਨੇ ਸੂਬੇ ਦੇ 7 ਜ਼ਿਲ੍ਹਿਆਂ ਵਿਚ ਮਾਰ ਕੀਤੀ ਹੈ। ਰੂਪਨਗਰ, ਫ਼ਤਹਿਗੜ੍ਹ ਸਾਹਿਬ, ਪਠਾਨਕੋਟ, ਮੋਹਾਲੀ, ਮਾਨਸਾ, ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਵਿਚ ਇਸ ਵਾਇਰਸ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਕਿਸਾਨਾਂ ਦੀ ਤਕਰੀਬਨ 9 ਹਜ਼ਾਰ ਹੈਕਟੇਅਰ ਰਕਬੇ ਵਿਚਲੀ ਝੋਨੇ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ।

ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮਾਹਰ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ ਤੇ ਵਾਇਰਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਵਿਭਾਗ ਦੀਆਂ 10 ਦੇ ਕਰੀਬ ਟੀਮਾਂ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਪੀੜਤ ਕਿਸਾਨਾਂ ਨਾਲ ਗੱਲਬਾਤ ਕਰ ਰਹੀਆਂ ਹਨ। ਹੜ੍ਹ ਦਾ ਪਾਣੀ ਅੱਗੇ ਜਾਣ ਨਾਲ ਇਹ ਵਾਇਰਸ ਹੋਰ ਫ਼ੈਲਣ ਦਾ ਵੀ ਖ਼ਤਰਾ ਹੈ।