ਸੈਕਰਾਮੈਂਟੋ, 12 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਹੈਲੀਕਾਪਟਰ ਤਬਾਹ ਹੋ ਕੇ ਹਡਸਨ ਦਰਿਆ ‘ਚ ਡਿੱਗ ਜਾਣ ਦੀ ਖਬਰ ਹੈ, ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 6 ਜਣਿਆਂ ਦੀ ਮੌਤ ਹੋ ਗਈ। ਹੈਲੀਕਾਪਟਰ ‘ਚ ਸਪੇਨ ਤੋਂ ਆਇਆ ਸੈਲਾਨੀ ਪਰਿਵਾਰ ਸਵਾਰ ਸੀ, ਜੋ ਅਸਮਾਨ ਉਪਰੋਂ ਨਿਊਯਾਰਕ ਸ਼ਹਿਰ ਤੇ ਇਸ ਦੇ ਆਸ ਦੇ ਖੇਤਰ ਦਾ ਨਜ਼ਾਰਾ ਵੇਖਣਾ ਚਾਹੁੰਦਾ ਸੀ। ਨਿਊਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮ{ ਨੇ ਕਿਹਾ ਹੈ ਕਿ ਸਾਈਟਸੀਇੰਗ ਕੰਪਨੀ ਨਿਊ ਯਾਰਕ ਦਾ ਇਕ ਇੰਜਣ ਵਾਲਾ ਬੈੱਲ 206 ਹੈਲੀਕਾਪਟਰ ਦੁਪਹਿਰ ਬਾਅਦ 3.15 ਵਜੇ ਉਡਾਣ ਭਰਨ ਤੋਂ ਛੇਤੀ ਬਾਅਦ ਦਰਿਆ ਵਿਚ ਜਾ ਡਿੱਗਾ। ਉਨ੍ਹਾਂ ਕਿਹਾ ਕਿ ਮਾਰੇ ਗਏ ਸਪੇਨੀ ਪਰਿਵਾਰ ਦੇ ਜੀਆਂ ਵਿਚ ਦੋ ਬਾਲਗ ਤੇ 3 ਬੱਚੇ ਸ਼ਾਮਲ ਹਨ। ਹਾਲਾਂਕਿ ਰਾਹਤ ਟੀਮ ਨੇ ਤੁਰੰਤ ਸਾਰੇ 6 ਲੋਕਾਂ ਨੂੰ ਪਾਣੀ ਵਿਚੋਂ ਕੱਢ ਲਿਆ ਸੀ ਪਰੰਤੂ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 4 ਨੂੰ ਤਾਂ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ 2 ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਏ। ਮਾਰੇ ਗਏ ਪਰਿਵਾਰ ਦੇ ਜੀਆਂ ਦੇ ਨਾਂ ਤੁਰੰਤ ਜਾਰੀ ਨਹੀਂ ਕੀਤੇ ਹਨ। ਐਡਮਜ਼ ਨੇ ਕਿਹਾ ਹੈ ਕਿ ਘਟਨਾ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਪਰੰਤੂ ਲੱਗਦਾ ਹੈ ਕਿ ਹੈਲੀਕਾਪਟਰ ਉਲਟਾ ਦਰਿਆ ‘ਚ ਡਿੱਗਾ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਅਸਮਾਨ ਵਿਚ ਬੱਦਲ ਛਾਏ ਹੋਏ ਸਨ ਤੇ 10 ਤੋਂ 15 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਸੀ। ਇਥੇ ਜ਼ਿਕਰਯੋਗ ਹੈ ਕਿ ਸੈਲਾਨੀ ਅਕਸਰ ਹੀ ਸਟੈਚੂ ਆਫ ਲਿਬਰਟੀ, ਏਲਿਸ ਆਈਲੈਂਡ, ਦ ਐਂਪਾਇਰ ਸਟੇਟ ਬਿਲਡਿੰਗ ਤੇ ਵਾਲ ਸਟਰੀਟ ਸਮੇਤ ਸਮੁੱਚੇ ਨਿਊਯਾਰਕ ਸ਼ਹਿਰ ਉਪਰ ਅਸਮਾਨ ਉਪਰੋਂ ਝਾਤੀ ਮਾਰਨ ਲਈ ਹੈਲੀਕਾਪਟਰ ਕਿਰਾਏ ‘ਤੇ ਲੈਂਦੇ ਹਨ। ਕੰਪਨੀ ਪ੍ਰਤੀ ਵਿਅਕਤੀ ਤਕਰੀਬਨ 274 ਡਾਲਰ ਲੈਂਦੀ ਹੈ।
ਹੈਲੀਕਾਪਟਰ ਤਬਾਹ ਹੋ ਕੇ ਹਡਸਨ ਦਰਿਆ ‘ਚ ਡਿੱਗਾ; ਪਾਇਲਟ ਸਮੇਤ ਸਪੇਨੀ ਪਰਿਵਾਰ ਦੇ 5 ਜੀਆਂ ਦੀ ਮੌਤ
