#AMERICA

ਹੈਰਿਸ ਵੱਲੋਂ ਟਰੰਪ ਦਾ ਰਵੱਈਆ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ

ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਹੈਲਨ ਚੱਕਰਵਾਤ ਨਾਲ ਹੋਈ ਤਬਾਹੀ ਨੂੰ ਰੋਕਣ ਲਈ ਸੰਘੀ ਕੋਸ਼ਿਸ਼ਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ ਦਿੱਤਾ ਹੈ। ਹਵਾਈ ਸੈਨਾ ਦੇ ਜਹਾਜ਼ ਵਿਚ ਨਿਊਯਾਰਕ ਲਈ ਰਵਾਨਾ ਹੋਣ ਤੋਂ ਪਹਿਲਾਂ ਹੈਰਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਸਾਬਕਾ ਰਾਸ਼ਟਰਪਤੀ ਵੱਲੋਂ ਅਸਲ ਸਥਿਤੀ ਤੋਂ ਉਲਟ ਵੱਡੀ ਪੱਧਰ ‘ਤੇ ਗਲਤ ਜਾਣਕਾਰੀ ਫੈਲਾਈ ਗਈ, ਖ਼ਾਸ ਕਰ ਕੇ ਹੈਲਨ ਚੱਕਰਵਾਤ ਤੋਂ ਬਚਣ ਵਾਲੇ ਲੋਕਾਂ ਬਾਰੇ।’ ਉਨ੍ਹਾਂ ਕਿਹਾ ਕਿ ਇਹ ਸਾਬਕਾ ਰਾਸ਼ਟਰਪਤੀ ਦਾ ਸਾਧਾਰਨ ਨਾਲੋਂ ਵਧ ਕੇ ਗੈਰ ਜ਼ਿੰਮੇਵਾਰ ਰਵੱਈਆ ਹੈ। ਹੈਲੇਨ ਨਾਲ ਛੇ ਸੂਬਿਆਂ ਵਿਚ 220 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ ਕੈਟਾਗਰੀ 5 ਚੱਕਰਵਾਤ ਹੁਣ ਫਲੋਰੀਡਾ ਖਾੜੀ ਤੱਟ ਵੱਲ ਵਧ ਰਿਹਾ ਹੈ।
ਹੈਰਿਸ ਨੇ ਕਿਹਾ, ‘ਅਸਲੀਅਤ ਇਹ ਹੈ ਕਿ ਫੇਮਾ ਕੋਲ ਕਾਫੀ ਸਰੋਤ ਹਨ, ਜੋ ਉਨ੍ਹਾਂ ਲੋਕਾਂ ਲਈ ਉਪਲਬਧ ਹਨ, ਜਿਨ੍ਹਾਂ ਨੂੰ ਇਸ ਦੀ ਕਾਫੀ ਲੋੜ ਹੈ। ਲੋਕ ਇਨ੍ਹਾਂ ਸਰੋਤਾਂ ਦੀ ਵਰਤੋਂ ਕਰਨ ਦੇ ਯੋਗ ਹਨ ਅਤੇ ਇਹ ਸਭ ਤੋਂ ਜ਼ਰੂਰੀ ਹੈ ਕਿ ਲੋਕ ਮਦਦ ਲੈਣ ਲਈ ਸੰਪਰਕ ਕਰਨ।’
ਟਰੰਪ ਵੱਲੋਂ ਰਿਪਬਲਿਕਨ ਖੇਤਰਾਂ ‘ਚ ਪੀੜਤਾਂ ਨੂੰ ਮਦਦ ਮੁਹੱਈਆ ਨਾ ਕਰਾਉਣ ਦਾ ਦੋਸ਼
ਟਰੰਪ ਨੇ ਹੈਲੇਨ ਦੇ ਮੱਦੇਨਜ਼ਰ ਦਾਅਵਿਆਂ ਦੀ ਝੜੀ ਲਗਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਘੀ ਸਰਕਾਰ ਜਾਣਬੁੱਝ ਕੇ ਰਿਪਬਲਿਕਨ ਪਾਰਟੀ ਵਾਲੇ ਖੇਤਰਾਂ ਵਿਚ ਹੈਲੇਨ ਪੀੜਤਾਂ ਲਈ ਮੁਹੱਈਆ ਕੀਤੀ ਜਾਣ ਵਾਲੀ ਸਹਾਇਤਾ ਨਹੀਂ ਭੇਜ ਰਹੀ ਹੈ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਹੈ ਕਿ ਸੰਘੀ ਐਮਰਜੈਂਸੀ ਪ੍ਰਬੰਧਨ ਏਜੰਸੀ (ਫੇਮਾ) ਕੋਲ ਫੰਡ ਨਹੀਂ ਹਨ ਕਿਉਂਕਿ ਇਸ ਦੇ ਸਾਰੇ ਫੰਡ ਦੇਸ਼ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿੰਦੇ ਪ੍ਰਵਾਸੀਆਂ ਦੀ ਭਲਾਈ ਸਬੰਧੀ ਯੋਜਨਾਵਾਂ ਲਈ ਵਰਤੇ ਜਾ ਚੁੱਕੇ ਹਨ।