#OTHERS

ਹੈਤੀ ‘ਚ ਹਿੰਸਾ ਕਾਰਨ ਤਿੰਨ ਲੱਖ ਬੱਚੇ ਹੋਏ ਬੇਘਰ

ਸਾਨ ਜੁਆਨ, 4 ਜੁਲਾਈ (ਪੰਜਾਬ ਮੇਲ)- ਹੈਤੀ ਵਿਚ ਗਿਰੋਹਾਂ ਵੱਲੋਂ ਕੀਤੀ ਗਈ ਹਿੰਸਾ ਕਾਰਨ ਮਾਰਚ ਤੋਂ 3,00,000 ਤੋਂ ਵੱਧ ਬੱਚੇ ਬੇਘਰ ਹੋ ਗਏ ਹਨ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਇਹ ਖੁਲਾਸਾ ਕੀਤਾ। ਇਹ ਕੈਰੇਬੀਅਨ ਦੇਸ਼ ਹੱਤਿਆਵਾਂ ਅਤੇ ਅਗਵਾ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਜੂਝ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਵਿਚ ਬੇਘਰ ਹੋਏ ਲਗਭਗ 5,80,000 ਲੋਕਾਂ ‘ਚੋਂ ਅੱਧੇ ਤੋਂ ਵੱਧ ਬੱਚੇ ਹਨ। ਸਰਕਾਰ ਦੇ ਮੁੱਖ ਬੁਨਿਆਦੀ ਢਾਂਚੇ ‘ਤੇ ਲੜੀਵਾਰ ਹਮਲਿਆਂ ਮਗਰੋਂ ਫਰਵਰੀ ਦੇ ਅਖੀਰ ਵਿਚ ਹਿੱਸਾ ‘ਚ ਵਾਧਾ ਸ਼ੁਰੂ ਹੋਇਆ ਸੀ। ਇਸ ਮਗਰੋਂ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਅਪ੍ਰੈਲ ‘ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਯੂਨਾਈਟਿਡ ਨੇਸ਼ਨਜ਼ ਚਿਲਡਰਨ’ਜ਼ ਫੰਡਜ਼ (ਯੂਨੀਸੈੱਫ) ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਨੇ ਇਕ ਬਿਆਨ ਵਿਚ ਕਿਹਾ, ”ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਮਨੁੱਖਤਾ ਦਾ ਘਾਣ ਬੱਚਿਆਂ ‘ਤੇ ਮਾਰੂ ਪ੍ਰਭਾਵ ਪਾ ਰਿਹਾ ਹੈ। ਬੇਘਰ ਹੋਏ ਬੱਚਿਆਂ ਨੂੰ ਇੱਕ ਸੁਰੱਖਿਅਤ ਵਾਤਾਵਰਨ ਅਤੇ ਕੌਮਾਂਤਰੀ ਭਾਈਚਾਰੇ ਤੋਂ ਸਮਰਥਨ ਤੇ ਫੰਡਿੰਗ ਦੀ ਸਖ਼ਤ ਲੋੜ ਹੈ।”