#CANADA

‘ਹੈਟਸ-ਅੱਪ’ ਟੋਰਾਂਟੋ ਵੱਲੋਂ ਨਾਟਕ ‘ਸੱਚ, ਸਿਰਰੁ, ਤੇ ਸੀਸ’ ਦੀ ਤੀਜੀ ਲਾ-ਮਿਸਾਲ ਪੇਸ਼ਕਾਰੀ

ਬਰੈਂਪਟਨ, 14 ਜਨਵਰੀ (ਪੰਜਾਬ ਮੇਲ)- ਬੀਤੇ ਐਤਵਾਰ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਚ ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਸ਼ਹੀਦੀ ਜੋੜ-ਮੇਲਾ ਕਮੇਟੀ ਆਫ਼ ਟੋਰਾਂਟੋ ਵੱਲੋਂ ‘ਹੈਟਸ-ਅੱਪ’ (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਿਡ ਪ੍ਰੋਡਕਸ਼ਨਜ਼) ਦੇ ਨਾਟਕ ‘ਸੱਚ, ਸਿਰਰ, ਤੇ ਸੀਸ’ ਦੀ ਤੀਸਰੀ ਪੇਸ਼ਕਾਰੀ ਕਰਵਾਈ ਗਈ। ਡਾ. ਹੀਰਾ ਰੰਧਾਵਾ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਇਹ ਨਾਟਕ ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਸੀ। ਤਿੰਨ ਵਾਰ ਪਹਿਲਾਂ ਪੇਸ਼ ਕੀਤੇ ਜਾ ਚੁੱਕੇ ਇਸ ਨਾਟਕ ਦੀ ਇਹ ਪੇਸ਼ਕਾਰੀ ਇੰਨੀ ਪ੍ਰਭਾਵਸ਼ਾਲੀ ਸੀ ਕਿ ਖਚਾਖਚ ਭਰੇ ਹਾਲ ਵਿਚ ਪਿੰਨ ਡਰਾਪ ਚੁੱਪ ਦੌਰਾਨ ਲੋਕਾਂ ਦੀਆਂ ਸਿਸਕੀਆਂ ਸੁਣਾਈ ਦੇ ਰਹੀਆਂ ਸਨ। ਉਨ੍ਹਾਂ ਦੇ ਹੱਥ ਕਲਾਕਾਰਾਂ ਦੀ ਅਦਾਕਾਰੀ ਲਈ ਤਾੜੀਆਂ ਮਾਰ ਰਹੇ ਸਨ ਤੇ ਜਜ਼ਬਾਤੀ ਹੋਇਆਂ ਦੀਆਂ ਅੱਖਾਂ ਵਿਚੋਂ ਨੀਰ ਵਹਿ ਰਿਹਾ ਸੀ।
ਵੱਡੀ ਗਿਣਤੀ ਵਿਚ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਏ ਸਨ, ਜਿਹੜੇ ਆਪਣੇ ਇਤਿਹਾਸ ਨਾਲ ਇੱਕ-ਮਿੱਕ ਹੋ ਕੇ ਘਟਨਾਵਾਂ ਨੂੰ ਆਪਣੀ ਰੂਹ ਵਿਚ ਸਮਾ ਰਹੇ ਸਨ। ਇੱਕ ਗੱਲ ਪੱਕੀ ਹੈ ਕਿ ਸਾਹਿਤ ਦੀਆਂ ਦੂਜੀਆਂ ਵਿਧਾਵਾਂ ਦੀ ਥਾਂ ਨਾਟਕ ਵਿਧਾ ਰਾਹੀਂ ਕਿਸੇ ਵੀ ਵਿਸ਼ੇ ਬਾਰੇ ਪੇਸ਼ ਕੀਤੀ ਗੱਲ ਸਿੱਧੀ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਦੀ ਹੈ। ਨਾਟਕ ਦੀ ਕਹਾਣੀ ਬਾਬਾ ਬਕਾਲਾ ਤੋਂ ਸ਼ੁਰੂ ਹੁੰਦੀ ਹੈ, ਜਿਥੇ ਮੱਖਣ ਸ਼ਾਹ ਲੁਬਾਣਾ ਗੁਰੂ ਲਾਧੋ-ਰੇ ਦਾ ਇੰਕਸ਼ਾਫ਼ ਕਰਕੇ ਮੰਜੀਆਂ ਡਾਹ ਕੇ ਬੈਠੇ ਨਕਲੀ ਗੁਰੂਆਂ ਦੇ ਪਾਖੰਡ ਨੂੰ ਨੰਗਾ ਕਰਦਾ ਹੈ। ਇਥੋਂ ਸ਼ੁਰੂ ਹੋਇਆ ਨਾਟਕ ਆਨੰਦਪੁਰ ਰਾਹੇ ਦਿੱਲੀ ਪਹੁੰਚਦਾ ਹੈ, ਜਿਥੇ ਔਰੰਗਜ਼ੇਬ ਦੀ ਕੈਦ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਮੇਤ ਭਾਈ ਮਤੀ ਦਾਸ, ਭਾਈ ਸਤੀ ਦਾਸ, ਤੇ ਭਾਈ ਦਿਆਲ ਦੇਵ ਦੀਆਂ ਸ਼ਹੀਦੀਆ ਨੂੰ ਦਰਸਾਉਂਦਾ ਹੈ। ਨਾਟਕ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਮਗਰੋਂ ਭਾਈ ਲੱਖੀ ਸ਼ਾਹ ਵੱਲੋਂ ਗੁਰੂ ਸਾਹਿਬ ਦੇ ਧੜ ਦੇ ਸੰਸਕਾਰ ਤੇ ਭਾਈ ਜੈਤੇ ਵੱਲੋਂ ਗੁਰੂ ਜੀ ਦੇ ਸੀਸ ਨੂੰ ਆਨੰਦਪੁਰ ਪਹੁੰਚਾਉਣ ਅਤੇ ਗੁਰੂ ਗੋਬਿੰਦ ਰਾਏ ਵੱਲੋਂ ਉਸ ਨੂੰ ‘ਰੰਗਰੇਟੇ ਗੁਰੂ ਕੇ ਬੇਟੇ’ ਦੇ ਖ਼ਿਤਾਬ ਦੇਣ ਨੂੰ ਬੜੇ ਹੀ ਸੂਖ਼ਮਈ ਤਰੀਕੇ ਨਾਲ ਦਰਸਾਇਆ ਗਿਆ ਸੀ।
ਸਾਰੇ ਹੀ ਕਲਾਕਾਰਾਂ ਵੱਲੋਂ ਆਪੋ-ਆਪਣੇ ਕਿਰਦਾਰਾਂ ਨੂੰ ਬੜੀ ਹੀ ਸ਼ਿੱਦਤ ਨਾਲ ਨਿਭਾਅ ਕੇ ਆਪਣੇ ਮੰਝੇ ਹੋਏ ਕਲਾਕਾਰ ਹੋਣ ਦਾ ਸਬੂਤ ਦਿੱਤਾ। ਇਨ੍ਹਾਂ ਵਿਚ ਸ਼ਿੰਗਾਰਾ ਸਮਰਾ ਵੱਲੋਂ ਸੂਤਰਧਾਰ-ਇਤਿਹਾਸ, ਅਜਾਇਬ ਟੱਲੇਵਾਲੀਆ ਵੱਲੋਂ ਠੱਗ ਨੰਬਰ ਇੱਕ, ਅਮਨ ਗਿੱਲ ਵੱਲੋਂ ਠੱਗ ਦੋ ਅਤੇ ਦਰੋਗਾ, ਸੁੰਦਰਪਾਲ ਰਾਜਾਸਾਂਸੀ ਵੱਲੋਂ ਮਾਈ, ਜੋਅ ਸੰਘੇੜਾ ਵੱਲੋਂ ਸ਼ੇਖ਼, ਪਰਮਜੀਤ ਦਿਉਲ ਵੱਲੋਂ ਕਮਲੀ, ਕਰਮਜੀਤ ਗਿੱਲ ਵੱਲੋਂ ਔਰੰਗਜ਼ੇਬ, ਰਿੰਟੂ ਭਾਟੀਆ ਵੱਲੋਂ ਕੋਰਸ, ਜਗਰੂਪ ਮਹਿਣਾ ਵੱਲੋਂ ਭਾਈ ਜੈਤੇ ਦੇ ਕਿਰਦਾਰ ਰੂਹ ਨਾਲ ਸਾਕਾਰ ਕੀਤੇ। ਮਿਊਜ਼ਕ ਪ੍ਰਿੰਸੀਪਲ ਸ. ਹਰਮਨਜੀਤ ਸਿੰਘ ਅਤੇ ਡਾ. ਦਲਬੀਰ ਕਥੂਰੀਆ ਵੱਲੋਂ ਲੋਕਾਂ ਦਾ ਸਵਾਗਤ ਕੀਤਾ ਗਿਆ, ਜਦਕਿ ਨਿਰਦੇਸ਼ਕ ਵੱਲੋਂ ਸਭਨਾਂ ਦਰਸ਼ਕਾਂ ਅਤੇ ਸਮੁੱਚੇ ਪ੍ਰਿੰਟ ਅਤੇ ਡਿਜੀਕਲ ਤੇ ਰੇਡੀਉ ਮੀਡੀਆ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਸਾਰੀ ਜਾਣਕਾਰੀ ਦਰਸ਼ਕਾਂ ਤੱਕ ਪੁੱਜਦੀ ਕੀਤੀ। ਇਹ ਨਾਟਕ ਲੋਕਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾ ਕੇ ਉਸ ਨਾਲ ਇੱਕ-ਮਿੱਕ ਕਰਨ ਦੇ ਮੰਤਵ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ, ਜਿਸ ਲਈ ਨਿਰਦੇਸ਼ਕ ਹੀਰਾ ਰੰਧਾਵਾ ਆਪਣੀ ਪੂਰੀ ਹੈਟਸ-ਅੱਪ ਟੀਮ ਸਮੇਤ ਵਧਾਈ ਦੀ ਹੱਕਦਾਰ ਹੈ। ਕਿਸੇ ਵੀ ਕਿਸਮ ਦੇ ਸੰਪਰਕ ਲਈ ਉਸ ਨਾਲ ਫੋਨ ਨੰਬਰ 416-319-0551 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।