ਹੁਸ਼ਿਆਰਪੁਰ, 17 ਜੁਲਾਈ (ਪੰਜਾਬ ਮੇਲ)- ਹੁਸ਼ਿਆਰਪੁਰ ਦੀ ਡਾ. ਅੰਕਿਤਾ ਮੈਨਨ ਨੇ ਮਿਸਿਜ਼ ਵਰਲਡ ਇੰਟਰਨੈਸ਼ਨਲ ਦਾ ਖ਼ਿਤਾਬ ਹਾਸਲ ਕਰਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ਦੇ ਲੀਲਾ ਹੋਟਲ ‘ਚ ਕਰਵਾਈ ਵੱਕਾਰੀ ਸੁੰਦਰਤਾ ਮੁਕਾਬਲੇ ‘ਚ ਭਾਰਤ ਅਤੇ ਵਿਦੇਸ਼ਾਂ ਤੋਂ 7,000 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ, ਜਿਨ੍ਹਾਂ ‘ਚੋਂ ਸਿਰਫ਼ 150 ਪ੍ਰਤੀਯੋਗੀਆਂ ਨੇ ਹੀ ਗ੍ਰੈਂਡ ਫਿਨਾਲੇ ਵਿਚ ਜਗ੍ਹਾ ਬਣਾਈ। ਡਾ. ਮੈਨਨ ਨੇ ‘ਚਾਰਮਿੰਗ’ ਸ਼੍ਰੇਣੀ (ਉਮਰ 25-35 ਸਾਲ) ‘ਚ ‘ਮਿਸਿਜ਼ ਵਰਲਡ ਇੰਟਰਨੈਸ਼ਨਲ-2025’ ਦਾ ਤਾਜ ਹਾਸਲ ਕੀਤਾ। ਡਾ. ਮੈਨਨ ਨੇ ਆਪਣੀ ਬੁੱਧੀ, ਮਾਣ ਤੇ ਆਤਮਵਿਸ਼ਵਾਸ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
ਹੁਸ਼ਿਆਰਪੁਰ ‘ਚ ਜੰਮੀ-ਪਲੀ ਡਾ. ਮੈਨਨ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਐਡਵੋਕੇਟ ਵੀ.ਕੇ. ਮੈਨਨ, ਮਾਤਾ ਮੀਨਾਕਸ਼ੀ ਮੈਨਨ ਅਤੇ ਪਰਿਵਾਰ ਨੂੰ ਦਿੱਤਾ। ਇਸ ਤੋਂ ਇਲਾਵਾ ਉਸ ਦੇ ਪਤੀ ਦੀਪੇਸ਼ ਕਾਲੜਾ ਇਕ ਆਰਕੀਟੈਕਟ ਅਤੇ ਡਿਜ਼ਾਈਨਰ ਹਨ ਦਾ ਸਮਰਥਨ ਵੀ ਡਾ. ਮੈਨਨ ਲਈ ਪ੍ਰੇਰਨਾਸ੍ਰੋਤ ਰਿਹਾ ਹੈ। ਜ਼ਿਕਰਯੋਗ ਹੈ ਕਿ ਇਕ ਸਮਾਜਿਕ ਵਿਗਿਆਨੀ ਅਤੇ ਜਲ ਨੀਤੀ ਮਾਹਿਰ ਹੋਣ ਦੇ ਨਾਤੇ ਡਾ. ਮੈਨਨ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਦਿ ਸਟੱਡੀ ਆਫ਼ ਸੋਸ਼ਲ ਸਿਸਟਮਜ਼ ਤੋਂ ਪੀ.ਐੱਚ.ਡੀ. ਕੀਤੀ। ਆਈ.ਆਈ.ਟੀ. ਜੋਧਪੁਰ ਦੇ ਵਿਗਿਆਨੀ ਰਾਕੇਸ਼ ਸ਼ਰਮਾ ਵਰਗੇ ਭਾਰਤੀ ਖੋਜਕਰਤਾਵਾਂ ਤੋਂ ਪ੍ਰੇਰਿਤ ਹੋ ਕੇ ਉਹ ਰਵਾਇਤੀ ਗਿਆਨ ਅਤੇ ਆਧੁਨਿਕ ਵਿਗਿਆਨ ਨੂੰ ਜੋੜਨ ਦੀ ਵਕਾਲਤ ਕਰਦੀ ਹੈ। ਕਾਲਾਡੇਰਾ ਪਿੰਡ ‘ਚ ਡਾ. ਮੈਨਨ ਦੇ ਇਕ ਸਾਲ ਠਹਿਰਨ ਨਾਲ ਪੇਂਡੂ ਪਾਣੀ ਦੇ ਸੰਕਟ ਦੀ ਅਸਲ ਸਮਝ ਆਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਭਾਰਤ ਦੀ ‘ਵਾਟਰ ਵੁਮੈਨ’ ਬਣਨ ਦਾ ਹੈ।
ਹੁਸ਼ਿਆਰਪੁਰ ਦੀ ਡਾ. ਅੰਕਿਤਾ ਮੈਨਨ ਨੇ ਜਿੱਤਿਆ ‘ਮਿਸਿਜ਼ ਵਰਲਡ ਇੰਟਰਨੈਸ਼ਨਲ-2025’ ਦਾ ਖਿਤਾਬ
