#PUNJAB

ਹੁਸ਼ਿਆਰਪੁਰ ‘ਚ ਪੰਜ ਸਾਲ ਦੇ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਕੀਤਾ ਕਤਲ 

• ਪੁਲਿਸ ਵੱਲੋਂ ਕਥਿਤ ਕਾਤਲ ਗ੍ਰਿਫਤਾਰ; ਦੂਜੇ ਦੀ ਭਾਲ ਜਾਰੀ
• ਸਾਲ 2005 ਵਿੱਚ ਵਾਪਰੇ ਹੈਰੀ ਵਰਮਾ ਕਤਲ ਕਾਂਡ ਵਾਂਗ ਫਾਂਸੀ ਦੀ ਸਜ਼ਾ ਦੇਣ ਦੀ ਕੀਤੀ ਮੰਗ

ਹੁਸ਼ਿਆਰਪੁਰ, 11 ਸਤੰਬਰ (ਤਰਸੇਮ ਦੀਵਾਨਾ/ਪੰਜਾਬ ਮੇਲ)- ਹੁਸ਼ਿਆਰਪੁਰ ਵਾਸੀਆਂ ਨੂੰ ਸਾਲ 2005 ਵਿਚ ਹੁਸ਼ਿਆਰਪੁਰ ‘ਚ ਇੱਕ ਸਕੂਲੀ ਵਿਦਿਆਰਥੀ ਹੈਰੀ ਵਰਮਾ ਦੇ ਖੌਫਨਾਕ ਹੱਤਿਆਕਾਂਡ ਦੀ ਉਦੋਂ ਯਾਦ ਤਾਜ਼ਾ ਹੋ ਗਈ ਜਦੋਂ ਇਸੇ ਤਰਜ਼ ‘ਤੇ ਪੰਜ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੁਸ਼ਿਆਰਪੁਰ ਪੁਲਿਸ ਨੇ ਕਤਲ ਦੇ ਜ਼ੁਰਮ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ।

ਬੀਤੀ ਦਿਨ ਹੋਇਆ ਸੀ ਬੱਚਾ ਅਗਵਾ:- 

ਹੁਸ਼ਿਆਰਪੁਰ ਸ਼ਹਿਰ ਦੇ ਮੁਹਲਾ ਨਿਊ ਦੀਪਨਗਰ ਤੋਂ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਸੀ। ਜਿਥੇ ਕਿ ਇਕ 5 ਸਾਲਦਾ ਬੱਚਾ ਅਗਵਾ ਹੋ ਗਿਆ ਸੀ, ਜਿਸ ਤੋਂ ਬਾਅਦ ਅੱਜ ਉਸਦੀ ਲਾਸ਼ ਸ਼ਮਸ਼ਾਨ ਘਾਟ ਰਹੀਮਪੁਰ ਤੋਂ ਬਰਾਮਦ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਇਲਾਕੇ ਵਿੱਚ ਲਗੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਹੋਰਨਾਂ ਐਂਗਲਾਂ ਤੋਂ ਪ੍ਰਾਪਤ ਸੁਰਾਗਾਂ ਤੇ ਕੰਮ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਪੁਛਗਿਛ ਦੌਰਾਨ ਕਥਿਤ ਦੋਸ਼ੀ ਯਾਦਵ ਨੇ ਦਸਿਆ ਕਿ ਉਸਨੇ ਬਚੇ ਨੂੰ ਅਗਵਾਹ ਕਰਨ ਤੋਂ ਬਾਅਦ ਮਾਰ ਦਿਤਾ ਅਤੇ ਉਸਦੀ ਲਾਸ਼ ਰਹੀਮਪੁਰ ਸ਼ਮਸ਼ਾਨ ਘਾਟ ਵਿਖੇ ਸੁਟ ਦਿੱਤੀ ਸੀ। ਪੁਲਿਸ ਨੇ ਮੌਕੇ ਤੇ ਪੁਹੰਚ ਕੇ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤੀ। ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਪੁਲਿਸ ਨੂੰ ਪਿਛਲੀ ਸ਼ਾਮ 6 ਵਜੇ ਬੱਚੇ ਨੂੰ ਅਗਵਾ ਕਰਨ ਸੰਬੰਧੀ ਸੂਚਨਾ ਮਿਲੀ ਸੀ । ਜਿਸ ਤੋਂ ਬਾਅਦ ਪੁਲਿਸ ਨੇ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਸੀ ਅਤੇ ਪੁੱਛਗਿਛ ਦੌਰਾਨ ਉਸਨੇ ਬੱਚੇ ਕਰਨ ਦੀ ਗੱਲ ਕਬੂਲੀ। ਉਹਨਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਹੈ ਅਤੇ ਕਥਿਤ ਤੌਰ ਤੇ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਜਿਸ ਬਾਰੇ ਵੀ ਜਾਂਚ ਜਾਰੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਬੱਚੇ ਹਰਵੀਰ ਦੇ ਮਾਤਾ-ਪਿਤਾ, ਪਰਿਵਾਰਿਕ ਮੈਂਬਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ ਅਤੇ ਇਲਾਵਾ ਸਮੂਹ ਇਲਾਕਾ ਨਿਵਾਸੀ ਸ਼ੌਕਗ੍ਰਸਤ ਸਨ ਅਤੇ ਕਾਤਿਲਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕਰ ਰਹੇ ਸਨ | ਇਸ ਕਾਂਡ ਨੇ ਹੁਸ਼ਿਆਰਪੁਰ ਵਿਚ 2005 ਵਿਚ ਹੋਏ ਹੈਰੀ ਵਰਮਾ ਉਰਫ ਅਭੀ ਵਰਮਾ ਹਤਿਆਕਾਂਡ ਦੀ ਯਾਦ ਤਾਜਾ ਕਰਵਾ ਦਿੱਤੀ। ਉਸ ਕਾਂਡ ਵਿਚ ਵੀ ਅਗਵਾਕਾਰੀਆਂ ਨੇ ਡੀਏਵੀ ਸਕੂਲ ਦੇ ਇਕ ਬੱਚੇ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਸਨੂੰ ਤਸੀਹੇ ਦਿੰਦੇ ਹੋਏ ਮੌਤ ਦੇ ਘਾਟ ਉਤਾਰ ਦਿਤਾ ਸੀ ਜਿਸ ਤੋਂ ਬਾਅਦ ਅਭੀ ਵਰਮਾ ਦੇ ਕਾਤਲਾਂ ਨੂੰ ਮਾਫ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।