#AMERICA

ਹੁਣ ਸੈਨ ਡਿਆਗੋ ‘ਚ ਲੱਗੀ ਅੱਗ ਦੇ ਗੁਬਾਰ; ਰੈੱਡ ਫਲੈਗ ਦੀ ਚਿਤਾਵਨੀ ਜਾਰੀ

ਲਾਸ ਏਂਜਲਸ, 24 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਸ਼ਹਿਰ ਵਿਚ ਲੱਗੀ ਭਿਆਨਕ ਅੱਗ ‘ਤੇ ਫਾਇਰਫਾਈਟਰਜ਼ ਨੇ ਵੱਡੇ ਪੱਧਰ ‘ਤੇ ਕਾਬੂ ਪਾ ਲਿਆ ਹੈ, ਜਿਸ ਤੋਂ ਬਾਅਦ ਵੀਰਵਾਰ ਨੂੰ ਉਹ ਹੁਕਮ ਵਾਪਸ ਲੈ ਲਿਆ ਗਿਆ, ਜਿਸ ਤਹਿਤ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਸੀ। ਹਾਲਾਂਕਿ ਸੈਨ ਡਿਆਗੋ ਵਿਚ ਇੱਕ ਨਵੀਂ ਅੱਗ ਨੇ ਕੁਝ ਸਮੇਂ ਲਈ ਪ੍ਰਭਾਵਿਤ ਇਲਾਕਿਆਂ ਨੂੰ ਖਾਲੀ ਕਰਨ ਲਈ ਹੋਰ ਲੋਕਾਂ ਨੂੰ ਮਜਬੂਰ ਕੀਤਾ।
ਦੱਖਣੀ ਕੈਲੀਫੋਰਨੀਆ ਵਿਚ ਅੱਗ ਨੂੰ ਗੰਭੀਰ ਦੱਸਦਿਆਂ ਰੈੱਡ ਫਲੈਗ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਇਲਾਕੇ ਵਿਚ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਕਾਫ਼ੀ ਚੁਣੌਤੀਆਂ ਆਈਆਂ ਹਨ ਅਤੇ ਵੀਰਵਾਰ ਨੂੰ ਹਵਾਵਾਂ ਫਿਰ ਤੇਜ਼ ਹੋ ਗਈਆਂ। ਇਹ ਅੱਗ ਬੁੱਧਵਾਰ ਸਵੇਰੇ ਹਿਊਜ਼ ਖੇਤਰ ਵਿਚ ਲੱਗੀ ਅਤੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿਚ ਇਸ ਨੇ ਲਗਭਗ 41 ਵਰਗ ਕਿਲੋਮੀਟਰ ਦੇ ਖੇਤਰ ਵਿਚ ਦਰੱਖਤ ਅਤੇ ਝਾੜੀਆਂ ਨੂੰ ਸਾੜ ਦਿੱਤਾ। ਫਾਇਰਫਾਈਟਰਜ਼ ਨੇ ਹਿਊਜ਼ ਖੇਤਰ ਵਿਚ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਦੁਪਹਿਰ ਤੱਕ ਇੱਕ ਤਿਹਾਈ ਅੱਗ ‘ਤੇ ਕਾਬੂ ਪਾ ਲਿਆ। ਵੀਰਵਾਰ ਨੂੰ ਸੈਨ ਡਿਆਗੋ ਖੇਤਰ ਵਿਚ ਦੋ ਅੱਗਾਂ ਲੱਗਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਖੇਤਰ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਸਨੂੰ ਵਾਪਸ ਲੈ ਲਿਆ ਗਿਆ।