#EUROPE

ਹੁਣ ਬ੍ਰਿਟੇਨ ਵੱਲੋਂ ਵੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਰੁਖ਼ ਕੀਤਾ ਅਖ਼ਤਿਆਰ

-98,000 ਭਾਰਤੀ ਵਿਦਿਆਰਥੀਆਂ ਖ਼ਿਲਾਫ਼ ਵੱਡੀ ਕਾਰਵਾਈ ਦੀ ਕੀਤੀ ਤਿਆਰੀ!
ਲੰਡਨ, 10 ਨਵੰਬਰ (ਪੰਜਾਬ ਮੇਲ)- ਅਮਰੀਕਾ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਮਗਰੋਂ ਹੁਣ ਬ੍ਰਿਟੇਨ ਨੇ ਵੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਪ੍ਰਧਾਨ ਮੰਤਰੀ ਕੀਅਰ ਸਟਾਰਮਰ ਪ੍ਰਸ਼ਾਸਨ ਦੇ ਨਵੇਂ ਆਦੇਸ਼ਾਂ ਤਹਿਤ ਲਗਭਗ 98,000 ਭਾਰਤੀ ਵਿਦਿਆਰਥੀਆਂ ਦੇ ਵੀਜ਼ਿਆਂ ਦੀ ਜਾਂਚ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕਈ ਕੰਮ ਵਾਲੀਆਂ ਥਾਵਾਂ ‘ਤੇ ਵਿਦਿਆਰਥੀਆਂ ਦੇ ਗ਼ੈਰ-ਕਾਨੂੰਨੀ ਤੌਰ ‘ਤੇ ਕੰਮ ਕਰਦੇ ਫੜੇ ਜਾਣ ਤੋਂ ਬਾਅਦ ਲਿਆ ਗਿਆ ਹੈ।
ਇਸ ਫੈਸਲੇ ਮਗਰੋਂ ਲਗਭਗ 98 ਹਜ਼ਾਰ ਭਾਰਤੀ ਵਿਦਿਆਰਥੀ ਇਮੀਗ੍ਰੇਸ਼ਨ ਵਿਭਾਗ ਦੇ ਰਡਾਰ ‘ਤੇ ਆ ਗਏ ਹਨ। ਜਾਂਚ ਏਜੰਸੀਆਂ ਨੂੰ ਸਟੂਡੈਂਟ ਵੀਜ਼ੇ ਦੀ ਆੜ ਹੇਠ ਮਨੁੱਖੀ ਤਸਕਰੀ ਦੇ ਕਈ ਮਾਮਲੇ ਵੀ ਮਿਲੇ ਹਨ। ਇਹ ਲੋਕ ਏਜੰਟਾਂ ਰਾਹੀਂ ਸਟੂਡੈਂਟ ਵੀਜ਼ਾ ‘ਤੇ ਬ੍ਰਿਟੇਨ ਆਉਂਦੇ ਹਨ ਤੇ ਕੁਝ ਮਹੀਨਿਆਂ ਬਾਅਦ ਹੀ ਪੜ੍ਹਾਈ ਛੱਡ ਦਿੰਦੇ ਹਨ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਲੋਕ ਜਾਂਚ ਤੋਂ ਬਚਣ ਲਈ ਆਪਣੀ ਤਨਖਾਹ ਕੈਸ਼ ਲੈਂਦੇ ਹਨ।
ਅੰਕੜਿਆਂ ਮੁਤਾਬਕ 2020 ਵਿਚ 20 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਬ੍ਰਿਟੇਨ ‘ਚ ਓਵਰਸਟੇਅ ਕਰ ਰਹੇ ਸਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ‘ਚ ਹੁਣ ‘ਲਾਪਤਾ’ ਹੋ ਚੁੱਕੇ ਹਨ। ਇਮੀਗ੍ਰੇਸ਼ਨ ਯੂ.ਕੇ. ਮੁਤਾਬਕ, ਓਵਰਸਟੇਅ ਕਰਨ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਦੱਖਣੀ ਏਸ਼ੀਆਈ ਲੋਕਾਂ ਦੀ ਹੈ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਵਿਦਿਆਰਥੀ ਵੀਜ਼ੇ ਵਾਲੇ ਅਤੇ ਉਸ ਤੋਂ ਬਾਅਦ ਟੂਰਿਸਟ ਵੀਜ਼ਾ ਹੋਲਡਰ ਸ਼ਾਮਲ ਹਨ।
ਦੇਸ਼ ਦੇ ਨਵੇਂ ਨਿਯਮਾਂ ਤਹਿਤ ਵਿਦਿਆਰਥੀ ਹੁਣ 24 ਮਹੀਨਿਆਂ ਦੀ ਬਜਾਏ ਸਿਰਫ਼ 18 ਮਹੀਨੇ ਹੀ ਬ੍ਰਿਟੇਨ ਵਿਚ ਰਹਿ ਸਕਣਗੇ। ਜੇਕਰ ਕਿਸੇ ਵਿਦਿਆਰਥੀ ਨੂੰ ਵੀਜ਼ਾ ਵਧਾਉਣਾ ਹੋਵੇ, ਤਾਂ ਉਸ ਨੂੰ ਸਬੰਧਤ ਕਾਲਜ ਤੋਂ ਇੱਕ ਲਾਜ਼ਮੀ ਪੱਤਰ ਦੇਣਾ ਪਵੇਗਾ।
ਇਸ ਤੋਂ ਇਲਾਵਾ ਮੌਜੂਦਾ ਸਮੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹਫ਼ਤੇ ਵਿਚ 20 ਘੰਟੇ ਅਤੇ ਛੁੱਟੀਆਂ ਦੌਰਾਨ 40 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ, ਪਰ ਇਸ ਦੀ ਵਿਆਪਕ ਉਲੰਘਣਾ ਦੇਖਣ ਨੂੰ ਮਿਲੀ ਹੈ, ਜਿਸ ਦੇ ਮੱਦੇਨਜ਼ਰ ਅਮਰੀਕਾ ਵਿਚ ਪ੍ਰਵਾਸੀਆਂ ਨੂੰ ਫੜਨ ਲਈ ਬਣਾਈ ਗਈ ਆਈ.ਸੀ.ਈ. ਟੀਮ ਦੀ ਤਰਜ਼ ‘ਤੇ, ਸਟਾਰਮਰ ਸਰਕਾਰ ਨੇ ਵੀ ਇੱਕ ਵਿਸ਼ੇਸ਼ ਇਮੀਗ੍ਰੇਸ਼ਨ ਟੀਮ ਤਿਆਰ ਕੀਤੀ ਹੈ।
ਇਹ ਟੀਮਾਂ ਹਰ ਪੁਲਿਸ ਸਟੇਸ਼ਨ ਵਿਚ ਮੌਜੂਦ ਹਨ ਅਤੇ ਕਾਲਜਾਂ ਦੇ ਨਾਲ-ਨਾਲ ਕੰਮ ਵਾਲੀਆਂ ਥਾਵਾਂ ‘ਤੇ ਵੀ ਅਚਾਨਕ ਛਾਪੇਮਾਰੀ ਕਰਦੀਆਂ ਹਨ। ਇਸ ਕਾਰਨ ਵਿਦਿਆਰਥੀਆਂ ਵਿਚ ਘਬਰਾਹਟ ਪੈਦਾ ਹੋ ਗਈ ਹੈ ਅਤੇ ਉਹ ਹੁਣ ਹਮੇਸ਼ਾ ਆਪਣੇ ਵੀਜ਼ਾ ਅਤੇ ਪਾਸਪੋਰਟ ਦਸਤਾਵੇਜ਼ ਨਾਲ ਰੱਖਦੇ ਹਨ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪਰੇਸ਼ਾਨੀ ਨਾ ਹੋਵੇ।