#PUNJAB

ਹੁਣ ਤੱਕ ਕਾਂਗਰਸ ਤੇ ਅਕਾਲੀ ਦਲ ਦਾ ਰਿਹੈ ਤਰਨਤਾਰਨ ਹਲਕੇ ‘ਤੇ ਕਬਜ਼ਾ

-17 ਵਾਰ ਹੋਈਆਂ ਕੁੱਲ ਚੋਣਾਂ ‘ਚੋਂ ਅਕਾਲੀ ਦਲ 9 ਅਤੇ ਕਾਂਗਰਸ ਨੇ ਸੱਤ ਵਾਰ ਜਿੱਤੀ ਚੋਣ
ਤਰਨ ਤਾਰਨ, 27 ਮਾਰਚ (ਪੰਜਾਬ ਮੇਲ)- ਐਮਰਜੈਂਸੀ ਦੀ ਸਮਾਪਤੀ ਉਪਰੰਤ ਸਾਲ 1977 ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਨੇ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦਾ ਜੇਤੂ ਰੱਥ ਰੋਕਿਆ ਸੀ। ਇਸ ਤੋਂ ਬਾਅਦ ਹਲਕੇ ਵਿਚ ਕਾਂਗਰਸ ਨੂੰ ਦਹਾਕਿਆਂ ਤੱਕ ਆਪਣੀ ਹੋਂਦ ਬਚਾਉਣੀ ਮੁਸ਼ਕਲ ਹੋ ਗਈ। ਇਸ ਚੋਣ ਵਿਚ ਜਥੇਦਾਰ ਮੋਹਨ ਸਿੰਘ ਤੁੜ ਨੇ ਕਾਂਗਰਸ ਪਾਰਟੀ ਦੇ ਤਤਕਾਲੀ ਲੋਕ ਸਭਾ ਮੈਂਬਰ ਗੁਰਦਿਆਲ ਸਿੰਘ ਢਿੱਲੋਂ ਨੂੰ ਹਰਾਇਆ ਸੀ। ਇਸ ਤੋਂ ਬਾਅਦ ਤਰਨ ਤਾਰਨ ਹਲਕੇ ਦਾ ਨਾਂ ਪੁਨਰਗਠਨ ਕਰਕੇ ‘ਖਡੂਰ ਸਾਹਿਬ’ ਰੱਖਿਆ ਗਿਆ। ਦੇਸ਼ ਦੀ ਆਜ਼ਾਦੀ ਉਪਰੰਤ ਤਰਨ ਤਾਰਨ ਹਲਕੇ ਤੋਂ 1952, 1957 ਅਤੇ 1962 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਮਜੀਠੀਆ ਅਤੇ 1967 ਅਤੇ 1972 ਦੀਆਂ ਚੋਣਾਂ ਵਿਚ ਗੁਰਦਿਆਲ ਸਿੰਘ ਢਿੱਲੋਂ ਜੇਤੂ ਰਹੇ। ਲਗਾਤਾਰ ਪੰਜ ਵਾਰ ਜੇਤੂ ਰਹੀ ਕਾਂਗਰਸ ਪਾਰਟੀ ਨੂੰ ਇਸ ਹਲਕੇ ਤੋਂ ਹਾਰ ਦਾ ਕਦੇ ਚੇਤਾ ਵੀ ਨਹੀਂ ਆਇਆ ਹੋਵੇਗਾ। ਸਾਲ 1977 ਵਿਚ ਲੋਕ ਸਭਾ ਮੈਂਬਰ ਬਣਨ ਉਪਰੰਤ ਜਥੇਦਾਰ ਮੋਹਨ ਸਿੰਘ ਤੁੜ ਦਾ ਦਿਹਾਂਤ ਹੋ ਗਿਆ। ਇਸ ਹਲਕੇ ਦੀ ਜ਼ਿਮਨੀ ਚੋਣ ਹੋਣ ਤੋਂ ਪਹਿਲਾਂ ਹੀ ਲੋਕ ਸਭਾ ਭੰਗ ਹੋ ਗਈ ਅਤੇ ਇਸ ਤਰਨ ਤਾਰਨ ਹਲਕੇ ਤੋਂ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਲੜਕੇ ਜਥੇਦਾਰ ਲਹਿਣਾ ਸਿੰਘ ਤੁੜ ਨੂੰ ਪਾਰਟੀ ਟਿਕਟ ਦਿੱਤਾ ਗਿਆ ਅਤੇ ਉਹ ਚੋਣ ਜਿੱਤ ਗਏ। ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਦਿਆਲ ਸਿੰਘ ਢਿੱਲੋਂ ਚੋਣ ਹਾਰ ਗਏ। ਇਹ ਉਨ੍ਹਾਂ ਦੀ ਲਗਾਤਾਰ ਦੂਸਰੀ ਹਾਰ ਸੀ। ਇਸ ਚੋਣ ਦੌਰਾਨ ਪੰਜਾਬ ਵਿਚ ਤਰਨ ਤਾਰਨ ਤੋਂ ਇਲਾਵਾ ਬਾਕੀ ਦੀਆਂ 12 ਸੀਟਾਂ ‘ਤੇ ਕਾਂਗਰਸ ਪਾਰਟੀ ਹੀ ਜੇਤੂ ਰਹੀ। ਇਵੇਂ ਪੰਜਾਬ ਅੰਦਰ ਅਕਾਲੀ ਦਲ ਕੇਵਲ ਤਰਨ ਤਾਰਨ ਤੋਂ ਹੀ ਜੇਤੂ ਰਿਹਾ ਸੀ।
1984 ਦੀ ਚੋਣ ਵਿਚ ਇਸ ਹਲਕੇ ਤੋਂ ਤੁੜ ਪਰਿਵਾਰ ਨਾਲ ਸਬੰਧਤ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਤਰਲੋਚਨ ਸਿੰਘ ਤੁੜ ਜਿੱਤੇ ਸਨ। 1989 ਦੀ ਨੌਵੀਂ ਲੋਕ ਚੋਣ ਵਿਚ ਇਸ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਜੇਤੂ ਰਹੇ। 1992 ਦੀ ਚੋਣ ਵਿਚ ਉਸ ਮੌਕੇ ਜਦੋਂ ਅਕਾਲੀ ਦਲ ਨੇ ਚੋਣ ਦਾ ਬਾਈਕਾਟ ਕੀਤਾ ਤਾਂ ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਸਿੰਘ ਕੈਰੋਂ ਚੋਣ ਜਿੱਤ ਗਏ। ਉਪਰੰਤ 1996 ਦੀ ਚੋਣ ਵਿਚ ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮੇਜਰ ਸਿੰਘ ਉਬੋਕੇ ਨੇ ਕਾਂਗਰਸ ਪਾਰਟੀ ਦੇ ਸੁਰਿੰਦਰ ਸਿੰਘ ਕੈਰੋਂ ਨੂੰ ਹਰਾਇਆ। ਇਸ ਤੋਂ ਬਾਅਦ 1998 ਦੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਲਾਲਪੁਰਾ ਨੇ ਚੋਣ ਜਿੱਤੀ ਸੀ ਪਰ ਉਨ੍ਹਾਂ ਤਰਨ ਤਾਰਨ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਰਹਿਣ ਨੂੰ ਪਹਿਲ ਦਿੱਤੀ। ਇਸ ਹਲਕੇ ਤੋਂ 1998 ‘ਚ ਹੋਈ ਉੱਪ ਚੋਣ ਵਿਚ ਅਕਾਲੀ ਉਮੀਦਵਾਰ ਤਰਲੋਚਨ ਸਿੰਘ ਤੁੜ ਨੇ ਚੋਣ ਜਿੱਤੀ। ਇਸ ਮਗਰੋਂ ਤਰਲੋਚਨ ਸਿੰਘ ਤੁੜ ਨੇ 1999 ਦੀ ਅਕਾਲੀ ਦਲ ਵੱਲੋਂ ਮੁੜ ਚੋਣ ਜਿੱਤੀ। 2004 ਤੇ 2009 ਵਿਚ ਇਸ ਹਲਕੇ ਤੋਂ ਅਕਾਲੀ ਦਲ ਦੇ ਡਾ. ਰਤਨ ਸਿੰਘ ਅਜਨਾਲਾ ਤੇ 2014 ਵਿਚ ਇਸ ਹਲਕੇ ਤੋਂ ਅਕਾਲੀ ਦਲ ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੇਤੂ ਰਹੇ। 2014 ਤੋਂ ਤਰਨ ਤਾਰਨ ਹਲਕੇ ਦਾ ਨਾਂ ਖਡੂਰ ਸਾਹਿਬ ਹੋ ਗਿਆ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੌਰਾਨ 2019 ਦੀ ਚੋਣ ਵਿਚ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ (ਗਿੱਲ) ਚੋਣ ਜਿੱਤੇ। ਇਵੇਂ ਅੱਜ ਤੱਕ 17 ਵਾਰ ਹੋਈਆਂ ਕੁੱਲ ਚੋਣਾਂ ਵਿਚੋਂ ਅਕਾਲੀ ਦਲ ਨੌਂ, ਕਾਂਗਰਸ ਪਾਰਟੀ ਸੱਤ ਅਤੇ ਇਕ ਵਾਰ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਇਸ ਹਲਕੇ ਤੋਂ ਜੇਤੂ ਰਹੇ।