#AMERICA

ਹੁਣ ਟਿਕਟਾਕ ਨੂੰ ਬੈਨ ਕਰਨ ਤੋਂ ਰੋਕਣਗੇ ਟਰੰਪ

ਨਿਊਯਾਰਕ, 13 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੇ ਸਮੇਂ ਟਿਕਟਾਕ ਸ਼ਾਰਟ ਵੀਡੀਓ ਐਪ ‘ਤੇ ਕਾਰਵਾਈਆਂ ਨੂੰ ਸਿਆਸੀ ਰੰਗ ਮਿਲ ਰਿਹਾ ਹੈ। ਰਿਪਬਲਿਕਨ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਹਾਲ ਹੀ ‘ਚ ਟਿਕਟਾਕ ‘ਤੇ ਪਾਬੰਦੀ ਸਬੰਧੀ ਅਮਰੀਕੀ ਪ੍ਰਤੀਨਿਧੀ ਸਭਾ ਵੱਲੋਂ ਪਾਸ ਕੀਤੇ ਜਾਣ ਵਾਲੇ ਬਿੱਲ ‘ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਟਿਕਟਾਕ ਨਹੀਂ ਹੋਵੇਗਾ, ਤਾਂ ਨੌਜਵਾਨ ਘੁਸਪੈਠ ਕਰਨਗੇ ਅਤੇ ਫੇਸਬੁੱਕ, ਜੋ ਕਿ ਮੇਟਾ ਨਾਲ ਸਬੰਧਤ ਹੈ, ਮਜ਼ਬੂਤ ਹੋ ਜਾਵੇਗੀ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਫੇਸਬੁੱਕ ਨੂੰ ਟਿਕਟਾਕ ‘ਤੇ ਪਾਬੰਦੀ ਦਾ ਫਾਇਦਾ ਹੋਵੇ। ਉਨ੍ਹਾਂ ਕਿਹਾ ਕਿ ਇਸ ਐਪ ਦੀ ਵਰਤਮਾਨ ਵਿਚ ਅਮਰੀਕਾ ‘ਚ ਵੱਡੀ ਗਿਣਤੀ ‘ਚ ਨੌਜਵਾਨ ਵਰਤੋਂ ਕਰ ਰਹੇ ਹਨ ਅਤੇ ਜੇਕਰ ਇਹ ਐਪ ਨਹੀਂ ਹੋਵੇਗਾ, ਤਾਂ ਉਹ ਸਾਰੇ ਪਾਗਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਟਿਕਟਾਕ ‘ਚ ਚੰਗਾ ਵੀ ਹੈ ਅਤੇ ਬੁਰਾ ਵੀ।
ਇੱਥੇ ਦੱਸ ਦੇਈਏ ਕਿ 2021 ‘ਚ ਕੈਪੀਟਲ ਇਮਾਰਤ ‘ਤੇ ਹਮਲੇ ਦੌਰਾਨ ਮੈਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਟਰੰਪ ਦੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਸੀ। ਉਦੋਂ ਤੋਂ ਹੀ ਟਰੰਪ ਮੈਟਾ ਤੋਂ ਨਾਰਾਜ਼ ਹਨ। ਟਰੰਪ ਦੇ ਨਾਲ-ਨਾਲ ਸਾਰੇ ਰਿਪਬਲਿਕਨ ਫੇਸਬੁੱਕ ਦੀ ਆਲੋਚਨਾ ਕਰ ਰਹੇ ਹਨ। ਟਰੰਪ ਦੀ ਤਾਜ਼ਾ ਟਿੱਪਣੀ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਫੇਸਬੁੱਕ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ 2020 ਵਿਚ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਚੀਨ ਦੇ ਟਿਕਟਾਕ ਅਤੇ ਵੀਚੈਟ ਐਪ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਅਦਾਲਤਾਂ ਨੇ ਦਖ਼ਲ ਦੇ ਕੇ ਇਸ ਕੋਸ਼ਿਸ਼ ‘ਤੇ ਰੋਕ ਲਗਾ ਦਿੱਤੀ। ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜਦੋਂ ਟਰੰਪ ਦੁਬਾਰਾ ਰਾਸ਼ਟਰਪਤੀ ਚੋਣ ਲੜ ਰਹੇ ਹਨ ਤਾਂ ਟਿਕਟਾਕ ਬੈਨ ਨੂੰ ਲੈ ਕੇ ਯੂ-ਟਰਨ ਪਿੱਛੇ ਉਨ੍ਹਾਂ ਦੀ ਜ਼ਰੂਰ ਕੋਈ ਮਜ਼ਬੂਤ ਸਿਆਸੀ ਰਣਨੀਤੀ ਹੈ।
ਅਮਰੀਕਾ ਵਿਚ ਇਸ ਸਮੇਂ 17 ਕਰੋੜ ਲੋਕ ਟਿਕਟਾਕ ਦੀ ਵਰਤੋਂ ਕਰ ਰਹੇ ਹਨ। ਅਮਰੀਕੀ ਪ੍ਰਤੀਨਿਧੀ ਸਭਾ ਬੁੱਧਵਾਰ 13 ਮਾਰਚ ਨੂੰ ਇੱਕ ਮਹੱਤਵਪੂਰਨ ਬਿੱਲ ਪਾਸ ਕਰਨ ਲਈ ਤਿਆਰ ਹੈ, ਜੋ ਕਿ ਟਿਕਟਾਕ ‘ਤੇ ਪਾਬੰਦੀ ਲਗਾਏਗਾ। ਚੀਨੀ ਕੰਪਨੀ ByteDance ਨੂੰ ਬਿੱਲ ਪਾਸ ਹੋਣ ਤੋਂ ਬਾਅਦ 165 ਦਿਨਾਂ ਦੇ ਅੰਦਰ ਟਿਕਟਾਕ ਵੇਚਣਾ ਹੋਵੇਗਾ। ਨਹੀਂ ਤਾਂ ਗੂਗਲ ਅਤੇ ਐਪਲ ਪਲੇਅ ਸਟੋਰ ਟਿਕਟਾਕ ਲਈ ਵੈੱਬ ਹੋਸਟਿੰਗ ਸੇਵਾਵਾਂ ਬੰਦ ਕਰ ਦੇਣਗੇ। ਰਾਸ਼ਟਰਪਤੀ ਬਾਇਡਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਇਹ ਸਰਬਸੰਮਤੀ ਨਾਲ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਉਹ ਇਸ ‘ਤੇ ਦਸਤਖ਼ਤ ਕਰਨਗੇ। ਦੂਜੇ ਪਾਸੇ ਟਿਕਟਾਕ ਐਪ ਦੇ ਮਾਲਕ ByteDance ਨੇ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਮਰੀਕੀਆਂ ਦਾ ਡਾਟਾ ਚੀਨ ਨਾਲ ਸਾਂਝਾ ਨਹੀਂ ਕੀਤਾ ਹੈ। ਐਪ ‘ਤੇ ਪਾਬੰਦੀ ਅਮਰੀਕੀ ਲੋਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ।