– ਹਜ਼ਾਰਾਂ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ
– 1 ਅਪ੍ਰੈਲ ਤੱਕ ਚੱਲਣ ਵਾਲਾ ਪਾਇਲਟ ਪ੍ਰੋਗਰਾਮ ਰਸਮੀ ਤੌਰ ‘ਤੇ ਸ਼ੁਰੂ
ਵਾਸ਼ਿੰਗਟਨ, 31 ਜਨਵਰੀ (ਪੰਜਾਬ ਮੇਲ)- ਅਮਰੀਕਾ ਨੇ ਐੱਚ-1ਬੀ ਵਿਦੇਸ਼ੀ ਵਰਕ ਵੀਜ਼ਾ ਨੂੰ ਦੇਸ਼ ਵਿਚ ਹੀ ਰੀਨਿਊ ਕਰਨ ਦਾ ਇਕ ਪਾਇਲਟ ਪ੍ਰੋਗਰਾਮ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤਾ ਹੈ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ। ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।
ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਲਈ ਇਸ ‘ਤੇ ਨਿਰਭਰ ਕਰਦੀਆਂ ਹਨ। ਵੀਜ਼ਾ ਰੀਨਿਊ ਦਾ ਇਹ ਪ੍ਰੋਗਰਾਮ 29 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 1 ਅਪ੍ਰੈਲ ਤੱਕ ਚੱਲੇਗਾ। ਇਸ ਨਾਲ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਆਪਣੇ ਵੀਜ਼ਾ ਰੀਨਿਊ ਕਰਨ ‘ਚ ਮਦਦ ਮਿਲੇਗੀ। ਇਸ ਸਬੰਧੀ ਐਲਾਨ ਪਿਛਲੇ ਸਾਲ ਜੂਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਫੇਰੀ ਦੌਰਾਨ ਕੀਤਾ ਗਿਆ ਸੀ। ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਇਸ ਪ੍ਰੋਗਰਾਮ ਦੇ ਤਹਿਤ ਅਰਜ਼ੀਆਂ 29 ਜਨਵਰੀ ਤੋਂ 1 ਅਪ੍ਰੈਲ ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਕਰੀਬ ਦੋ ਦਹਾਕਿਆਂ ‘ਚ ਇਹ ਪਹਿਲੀ ਵਾਰ ਹੈ ਕਿ ਸੀਮਤ ਗਿਣਤੀ ‘ਚ ਐੱਚ-1ਬੀ ਗੈਰ-ਪ੍ਰਵਾਸੀ ਵੀਜ਼ਾ ਧਾਰਕ ਅਮਰੀਕਾ ‘ਚ ਆਪਣਾ ਵੀਜ਼ਾ ਰੀਨਿਊ ਕਰ ਸਕਣਗੇ।