#PUNJAB

ਹਾਈ ਕੋਰਟ ਨੇ ਬੀਬੀ ਰਜਿੰਦਰ ਕੌਰ ਭੱਠਲ ਦੀ ਸੁਰੱਖਿਆ ਘਟਾਈ

ਚੰਡੀਗੜ੍ਹ, 10 ਅਕਤੂਬਰ (ਪੰਜਾਬ ਮੇਲ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਸੁਰੱਖਿਆ ਨੂੰ ‘ਜ਼ੈੱਡ’ ਸ਼੍ਰੇਣੀ ਤੋਂ ਘਟਾ ਕੇ ‘ਵਾਈ’ ਸ਼੍ਰੇਣੀ ਕਰਨ ਦੇ ਪੰਜਾਬ ਪੁਲਿਸ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਨਾਲ ਪਹਿਲਾਂ ਹੀ 12 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤੇ ਅਦਾਲਤ ਨੂੰ ਅਜਿਹੀ ਕੋਈ ਗੰਭੀਰ ਸਥਿਤੀ ਨਹੀਂ ਮਿਲੀ, ਜਿਸ ਦੇ ਆਧਾਰ ‘ਤੇ ਇਹ ਸਿੱਟਾ ਕੱਢਿਆ ਜਾ ਸਕੇ ਕਿ ਪਟੀਸ਼ਨਕਰਤਾ ਲਈ ‘ਜ਼ੈੱਡ’ ਸੁਰੱਖਿਆ ਜ਼ਰੂਰੀ ਹੈ। ਹਾਈ ਕੋਰਟ ਨੇ ਅੱਗੇ ਕਿਹਾ ਕਿ ਭੱਠਲ ਲਈ ਸੂਬੇ ਵੱਲੋਂ ਦਿੱਤੀ ਗਈ ਸੁਰੱਖਿਆ ਖ਼ਤਰੇ ਦੀ ਸੂਚਨਾ ਦੇ ਆਧਾਰ ‘ਤੇ ਆਧਾਰਿਤ ਹੁੰਦੀ ਹੈ, ਇਸ ਲਈ ਫ਼ੈਸਲੇ ‘ਚ ਕੋਈ ਮਨਮਾਨੀ ਨਹੀਂ ਕੀਤੀ ਗਈ ਹੈ। ਹਾਈ ਕੋਰਟ ਨੇ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਕਿ ਇਨ੍ਹਾਂ ਸਥਿਤੀਆਂ ‘ਚ ਪਟੀਸ਼ਨਕਰਤਾ ਦੀ ਸੁਰੱਖਿਆ ‘ਵਾਈ’ ਸ਼੍ਰੇਣੀ ਤੋਂ ਵਧਾ ਕੇ ‘ਜ਼ੈੱਡ’ ਸ਼੍ਰੇਣੀ ਕਰਨ ਲਈ ਕੋਈ ਹੋਰ ਨਿਰਦੇਸ਼ ਜਾਰੀ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਬੀਬੀ ਰਜਿੰਦਰ ਕੌਰ ਭੱਠਲ ਖੁਦ ‘ਤੇ ਚੱਲ ਰਹੇ ਖ਼ਤਰੇ ਨੂੰ ਲੈ ਕੇ ਕੋਈ ਵੀ ਹੋਰ ਸਬੂਤ ਜਾਂ ਸਮੱਗਰੀ ਸਮਰੱਥ ਅਧਿਕਾਰੀ ਨੂੰ ਸੌਂਪ ਸਕਦੀ ਹੈ, ਤਾਂ ਕਿ ਅਧਿਕਾਰੀ ਕਾਨੂੰਨ ਅਨੁਸਾਰ ਉਸ ਦੀ ਸੁਰੱਖਿਆ ਦਾ ਉਚਿਤ ਮੁਲਾਂਕਣ ਕਰ ਸਕਣ।