#PUNJAB

ਹਾਈਕੋਰਟ ਵੱਲੋਂ ਅੰਮ੍ਰਿਤਪਾਲ ਸਿੰਘ ‘ਤੇ ਦੂਜੀ ਵਾਰੀ ਐੱਨ.ਐੱਸ.ਏ. ਲਾਉਣ ਦਾ ਰਿਕਾਰਡ ਪੰਜਾਬ ਸਰਕਾਰ ਤੋਂ ਤਲਬ

ਚੰਡੀਗੜ੍ਹ, 6 ਨਵੰਬਰ (ਪੰਜਾਬ ਮੇਲ)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਲਾਉਣ ਅਤੇ ਇਸ ਨੂੰ ਵਧਾ ਕੇ ਨਜ਼ਰਬੰਦੀ ਦੀ ਮਿਆਦ ਵਧਾਉਣ ਲਈ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ‘ਤੇ ਦੂਜੀ ਵਾਰ ਐੱਨ.ਐੱਸ.ਏ. ਲਾਉਣ ਦਾ ਰਿਕਾਰਡ ਪੰਜਾਬ ਸਰਕਾਰ ਤੋਂ ਤਲਬ ਕਰ ਲਿਆ ਹੈ। ਉਕਤ ਹੁਕਮ ਦੀ ਪੁਸ਼ਟੀ ਨਾਲ ਸਬੰਧਤ ਰਿਕਾਰਡ ਵੀ ਕੇਂਦਰ ਨੂੰ ਸੌਂਪਣ ਦਾ ਹੁਕਮ ਦਿੱਤਾ ਗਿਆ ਹੈ।
ਮੰਗਲਵਾਰ ਨੂੰ ਜਦੋਂ ਇਨ੍ਹਾਂ ਸਾਰੇ ਮਾਮਲਿਆਂ ‘ਤੇ ਸੁਣਵਾਈ ਸ਼ੁਰੂ ਹੋਈ, ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਇਨ੍ਹਾਂ ਸਾਰਿਆਂ ‘ਤੇ ਨਵੇਂ ਸਿਰਿਓਂ ਐੱਨ.ਐੱਸ.ਏ. ਕਿਸ ਆਧਾਰ ‘ਤੇ ਲਾਇਆ ਗਿਆ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਉਕਤ ਰਿਕਾਰਡ ਉਨ੍ਹਾਂ ਕੋਲ ਨਹੀਂ ਹੈ, ਜਿਸ ਕਾਰਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਹ ਰਿਕਾਰਡ ਅਗਲੀ ਸੁਣਵਾਈ ਦੌਰਾਨ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।