#PUNJAB

ਹਾਈਕੋਰਟ ਵਲੋਂ ਐੱਨ.ਆਰ.ਆਈ. ਪੰਜਾਬੀ ਲਈ ਵੱਡੀ ਰਾਹਤ! ਵੀਡੀਓ ਕਾਲ ‘ਤੇ ਗਵਾਹੀ ਦੇਣ ਦੀ ਦਿੱਤੀ ਇਜਾਜ਼ਤ

-ਅਮਰੀਕਾ ਦੀ ਮਹਿਲਾ ਨੇ ਕੋਰਟ ‘ਚ ਕੀਤੀ ਸੀ ਅਪੀਲ
ਚੰਡੀਗੜ੍ਹ, 23 ਅਕਤੂਬਰ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫੈਸਲੇ ਵਿਚ ਇੱਕ ਅਪਰਾਧਿਕ ਮਾਮਲੇ ਦੇ ਇੱਕ ਗਵਾਹ ਨੂੰ ਅਮਰੀਕਾ ਤੋਂ ਵਟਸਐਪ ਵੀਡੀਓ ਕਾਲ ਰਾਹੀਂ ਆਪਣਾ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਮਾਮਲਾ ਹੇਠਲੀ ਅਦਾਲਤ ‘ਚੋਂ ਲੰਘਦਾ ਹੋਇਆ ਹਾਈਕੋਰਟ ‘ਚ ਪਹੁੰਚਿਆ, ਜਿੱਥੇ ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ।
ਹਾਈ ਕੋਰਟ ਦਾ ਇਹ ਹੁਕਮ ਵੀਡੀਓ ਕਾਲ ਰਾਹੀਂ ਗਵਾਹੀ ਦੇਣ ਦੇ ਮਾਮਲਿਆਂ ਵਿਚ ਇੱਕ ਅਹਿਮ ਮਿਸਾਲ ਕਾਇਮ ਕਰੇਗਾ, ਖਾਸ ਕਰਕੇ ਅਜਿਹੇ ਕੇਸਾਂ ਵਿਚ ਜਿੱਥੇ ਗਵਾਹ ਵਿਦੇਸ਼ ਵਿਚ ਰਹਿੰਦੇ ਹਨ ਅਤੇ ਵਾਰ-ਵਾਰ ਦੂਤਾਵਾਸ ਵਿਚ ਆਉਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁਲਜ਼ਮਾਂ ਨੇ ਦਲੀਲ ਦਿੱਤੀ ਸੀ ਕਿ ਦੂਤਾਵਾਸ ਵਿਚ ਜਾ ਕੇ ਹੀ ਗਵਾਹ ਦੇ ਬਿਆਨ ਦਰਜ ਕੀਤੇ ਜਾਣ, ਤਾਂ ਜੋ ਗਵਾਹੀ ਵਿਚ ਕਿਸੇ ਤਰ੍ਹਾਂ ਦੇ ਬਾਹਰੀ ਪ੍ਰਭਾਵ ਜਾਂ ਉਪਦੇਸ਼ ਦੀ ਸੰਭਾਵਨਾ ਨਾ ਰਹੇ। ਹਾਲਾਂਕਿ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਕੁਝ ਸ਼ਰਤਾਂ ਨਾਲ ਬਰਕਰਾਰ ਰੱਖਿਆ ਅਤੇ ਕਿਹਾ ਕਿ ਜੇ ਗਵਾਹ ਵਟਸਐਪ ਜਾਂ ਕਿਸੇ ਹੋਰ ਵੀਡੀਓ ਕਾਨਫਰੰਸਿੰਗ ਪਲੇਟਫਾਰਮ ਰਾਹੀਂ ਬਿਆਨ ਦਰਜ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ।