#AMERICA

ਹਸ਼ ਮਨੀ ਮਾਮਲਾ: ਟਰੰਪ ਵੱਲੋਂ ਸਜ਼ਾ ਖ਼ਿਲਾਫ਼ ਅਪੀਲ ਦਾਖ਼ਲ

ਅਮਰੀਕੀ ਰਾਸ਼ਟਰਪਤੀ ਨੇ ਕੇਸ ਲੜਨ ਲਈ ਨਵੀਂ ਲੀਗਲ ਟੀਮ ਦੀਆਂ ਸੇਵਾਵਾਂ ਲਈਆਂ
ਨਿਊਯਾਰਕ, 30 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਹਸ਼ ਮਨੀ (ਪੌਰਨ ਸਟਾਰ ਸਟੌਰਮੀ ਡੈਨੀਅਲਜ਼ ਨੂੰ ਮੂੰਹ ਬੰਦ ਰੱਖਣ ਲਈ ਕੀਤੀ ਅਦਾਇਗੀ) ਕੇਸ ਵਿਚ ਨਿਊਯਾਰਕ ਦੀ ਕੋਰਟ ਵੱਲੋਂ ਸੁਣਾਈ ਸਜ਼ਾ ਖਿਲਾਫ਼ ਅਪੀਲ ਦਾਇਰ ਕੀਤੀ ਹੈ। ਟਰੰਪ ਨੇ ਕੋਰਟ ਦਾ ਫੈਸਲਾ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਉਂਝ ਟਰੰਪ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਕਿਸੇ ਅਪਰਾਧਿਕ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਟਰੰਪ ਦੇ ਵਕੀਲਾਂ ਨੇ ਨਿਊਯਾਰਕ ਦੀ ਮਿੱਡ-ਲੈਵਲ ਅਪੀਲੀ ਕੋਰਟ ਵਿਚ ਅਰਜ਼ੀ ਦਾਖ਼ਲ ਕਰਕੇ ਪਿਛਲੇ ਮਹੀਨੇ ਸੁਣਾਈ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ। ਟਰੰਪ ਨੇ ਆਪਣਾ ਕੇਸ ਲੜਨ ਲਈ ਨਵੀਂ ਲੀਗਲ ਟੀਮ ਦੀਆਂ ਸੇਵਾਵਾਂ ਲਈਆਂ ਹਨ। ਕਾਬਿਲੇਗੌਰ ਹੈ ਕਿ ਨਿਊਯਾਰਕ ਦੀ ਕੋਰਟ ਨੇ ਟਰੰਪ ਨੂੰ ਹਸ਼ ਮਨੀ ਕੇਸ ਵਿਚ 9 ਜਨਵਰੀ ਨੂੰ ਦੋਸ਼ੀ ਠਹਿਰਾਇਆ ਸੀ, ਪਰ ਸਜ਼ਾ ਨਹੀਂ ਸੁਣਾਈ। ਟਰੰਪ ਨੂੰ ਸਜ਼ਾ ਸੁਣਾਏ ਜਾਣ ਨਾਲ ਅਮਰੀਕਾ ਲਈ ਸਿਆਸੀ ਸੰਕਟ ਖੜ੍ਹਾ ਹੋ ਸਕਦਾ ਸੀ ਕਿਉਂਕਿ ਟਰੰਪ ਨੇ ਉਦੋਂ ਅਗਲੇ ਦਿਨਾਂ ਵਿਚ ਅਮਰੀਕੀ ਰਾਸ਼ਟਰਪਤੀ ਵਜੋਂ ਹਲਫ਼ ਲੈਣਾ ਸੀ।