ਲੁਧਿਆਣਾ, 20 ਫਰਵਰੀ (ਪੰਜਾਬ ਮੇਲ)- ਅਮਰੀਕਾ ਵਸਦੇ ਉੱਘੇ ਪੰਜਾਬੀ ਪੱਤਰਕਾਰ, ਲੇਖਕ ਅਤੇ ਚਿੰਤਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੇਸ਼ੱਕ ਪਰਵਾਸੀਆਂ ਨੂੰ ਰੁਜ਼ਗਾਰ ਲਈ ਅੰਗਰੇਜ਼ੀ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਬੋਲਣੀਆਂ ਪੈਂਦੀਆਂ ਹਨ ਹਰ ਪਰਵਾਸੀ ਪੰਜਾਬੀ ਆਪਣੀ ਮਾਂ ਬੋਲੀ ਨਾਲ ਜੁੜਕੇ ਰਹਿਣਾ ਚਾਹੁੰਦਾ ਅਤੇ ਹਮੇਸ਼ਾ ਜੁੜਕੇ ਰਹਿੰਦਾ ਹੈ। ਅੱਜ ਇਥੇ ਮਾਲਵਾ ਰੰਗਮੰਚ ਪੰਜਾਬ ਵੱਲੋਂ ਆਯੋਜਿਤ ਇੱਕ ਵਿਸ਼ੇਸ ਸਮਾਗਮ ਵਿੱਚ ਪੰਜਾਬੀ ਲੇਖਕਾਂ, ਰੰਗਕਰਮੀਆਂ ਅਤੇ ਸਾਹਿਤ ਪ੍ਰੇਮੀਆਂ ਦੇ ਰੂ ਬਰੂ ਹੁੰਦਿਆਂ ਸ. ਰੰਧਾਵਾ ਨੇ ਕਿਹਾ ਕਿ ਇਸ ਵੇਲੇ ਵਿਦੇਸ਼ਾਂ ਵਿਚ ਪੰਜਾਬੀਆਂ ਅਤੇ ਪੰਜਾਬੀ ਬੋਲੀ ਦਾ ਪੂਰੀ ਤਰ੍ਹਾਂ ਬੋਲ ਬਾਲਾ ਹੈ ਅਤੇ ਅਸੀਂ ਉਨ੍ਹਾਂ ਵਿਕਸਤ ਮੁਲਕਾਂ ਦੀ ਹਰ ਸਰੋਕਾਰ ਵਿਚ ਧਿਰ ਬਣੇ ਹੋਏ ਹਾਂ। ਸ. ਰੰਧਾਵਾ ਨੇ ਕਿਹਾ ਕਿ ਇਹ ਗੱਲ ਮਾਣ ਵਾਲੀ ਹੈ ਕਿ ਦੁਨੀਆਂ ਵੱਡੇ ਏਅਰਪੋਰਟਾਂ ਸਮੇਤ ਵਪਾਰਕ ਅਦਾਰਿਆਂ ਤੇ ਪੰਜਾਬੀ ਵਿਚ ਬੋਰਡ ਲੱਗੇ ਹੋਏ ਹਨ। ਸ. ਰੰਧਾਵਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਹਰ ਪੰਜਾਬੀ ਪਰਵਾਸੀ ਇਹ ਵੀ ਚਾਹੁੰਦਾ ਹੈ ਕਿ ਉਸਦੇ ਬੱਚੇ ਆਪਣੀ ਮਾਂ ਬੋਲੀ ਪੰਜਾਬੀ, ਧਰਤੀ ਅਤੇ ਸੱਭਿਆਚਾਰ ਨਾਲ ਮੋਹ ਰੱਖੇ ਅਤੇ ਆਪਣੀਆਂ ਤੰਦਾਂ ਜੋੜੀ ਰੱਖੇ।
ਸਮਾਗਮ ਦੌਰਾਨ ਸਭ ਦਾ ਸਵਾਗਤ ਕਰਦਿਆਂ ਮਾਲਵਾ ਰੰਗਮੰਚ ਦੇ ਸਕੱਤਰ ਪ੍ਰੋਫੈਸਰ ਨਿਰਮਲ ਜੌੜਾ ਨੇ ਦੱਸਿਆ ਆਪਣੀ ਮਿਹਨਤ ਅਤੇ ਲਗਨ ਸਦਕਾ ਗੁਰਜਤਿੰਦਰ ਸਿੰਘ ਰੰਧਾਵਾ ਨੇ ਪੱਤਰਕਾਰੀ ਦੇ ਖੇਤਰ ਵਿਚ ਅਹਿਮ ਸਥਾਨ ਬਣਾਇਆ ਹੈ। ਪ੍ਰੋ. ਨਿਰਮਲ ਜੌੜਾ ਨੇ ਕਿਹਾ ਸਾਡੀ ਭਾਸ਼ਾ ਹੀ ਸਾਨੂੰ ਦੁਨੀਆਂ ‘ਤੇ ਪਹਿਚਾਣ ਦਵਾਉਂਦੀ ਹੈ, ਜਿਸ ਕਰਕੇ ਵਿਸ਼ਵ ਵਿਚ ਪੰਜਾਬੀਅਤ ਦਾ ਝੰਡਾ ਝੁੱਲ ਰਿਹਾ ਹੈ। ਮਾਲਵਾ ਰੰਗਮੰਚ ਦੇ ਸਕੱਤਰ ਦੇ ਚੇਅਰਮੈਨ ਪ੍ਰੋ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਾਡੇ ਬੁੱਧੀਜੀਵੀਆਂ ਦਾ ਆਪਣੀ ਧਰਤੀ ਅਤੇ ਸੱਭਿਆਚਾਰ ਨਾਲ ਜੁੜਕੇ ਰਹਿਣਾ ਪੰਜਾਬ ਲਈ ਸਕੂਨ ਵਾਲੀ ਗੱਲ ਹੈ। ਮਾਲਵਾ ਰੰਗਮੰਚ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਣ ਕੀਤਾ ਗਿਆ। ਰਵਿੰਦਰ ਰੰਗੂਵਾਲ ਨੇ ਸਭ ਦਾ ਧੰਨਵਾਦ ਕੀਤਾ।
ਹਰ ਪਰਵਾਸੀ ਪੰਜਾਬੀ ਆਪਣੀ ਮਾਂ ਬੋਲੀ ਨਾਲ ਜੁੜਕੇ ਰਹਿਣਾ ਚਾਹੁੰਦਾ ਹੈ : ਗੁਰਜਤਿੰਦਰ ਰੰਧਾਵਾ

