#PUNJAB

ਹਰਿਆਣਾ ‘ਚ ਨਾਇਬ ਸਿੰਘ ਸੈਣੀ ਬਣੇ ਨਵੇਂ ਮੁੱਖ ਮੰਤਰੀ

* ਭਾਜਪਾ ਅਤੇ ਜਜਪਾ ਗਠਜੋੜ ਟੁੱਟਿਆ
* ਮੁੱਖ ਮੰਤਰੀ ਖੱਟਰ ਤੇ ਕੈਬਨਿਟ ਮੰਤਰੀਆਂ ਵੱਲੋਂ ਅਸਤੀਫ਼ਾ
* ਖੱਟਰ ਸਰਕਾਰ ਵਿਚ ਮੰਤਰੀ ਰਹੇ ਕੰਵਰਪਾਲ, ਮੂਲਚੰਦ ਸ਼ਰਮਾ, ਰਣਜੀਤ ਚੌਟਾਲਾ, ਜੈ ਪ੍ਰਕਾਸ਼ ਦਲਾਲ ਅਤੇ ਡਾ. ਬਨਵਾਰੀ ਲਾਲ ਨੇ ਮੁੜ ਸਹੁੰ ਚੁੱਕੀ
ਚੰਡੀਗੜ੍ਹ, 13 ਮਾਰਚ (ਪੰਜਾਬ ਮੇਲ)- ਹਰਿਆਣਾ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ। ਇਸ ਦੌਰਾਨ ਭਾਜਪਾ ਤੇ ਜਜਪਾ ਦਰਮਿਆਨ ਗੱਲ ਸਿਰੇ ਨਾ ਲੱਗਣ ਕਾਰਨ ਦੋਵਾਂ ਪਾਰਟੀਆਂ ਦਾ ਗਠਜੋੜ ਟੁੱਟ ਗਿਆ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਮੂਹ ਕੈਬਨਿਟ ਮੰਤਰੀਆਂ ਸਣੇ ਅਸਤੀਫ਼ਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਸੌਪ ਦਿੱਤਾ। ਇਸ ਦੇ ਨਾਲ ਹੀ ਭਾਜਪਾ ਨੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ, ਜਿਨ੍ਹਾਂ ਨੇ ਹਰਿਆਣਾ ਰਾਜ ਭਵਨ ‘ਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਮੁੱਖ ਮੰਤਰੀ ਦੇ ਨਾਲ ਕੰਵਰਪਾਲ, ਮੂਲਚੰਦ ਸ਼ਰਮਾ, ਰਣਜੀਤ ਸਿੰਘ ਚੌਟਾਲਾ, ਜੈ ਪ੍ਰਕਾਸ਼ ਦਲਾਲ ਤੇ ਡਾ. ਬਨਵਾਰੀ ਲਾਲ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਹਾਲਾਂਕਿ ਇਨ੍ਹਾਂ ਪੰਜਾਂ ਮੰਤਰੀਆਂ ਨੂੰ ਵਿਭਾਗ ਜਾਰੀ ਨਹੀਂ ਕੀਤੇ ਗਏ ਹਨ। ਇਹ ਪੰਜੋ ਜਣੇ ਖੱਟਰ ਸਰਕਾਰ ‘ਚ ਵੀ ਕੈਬਨਿਟ ਮੰਤਰੀ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ।

ਸਹੁੰ-ਚੁੱਕ ਸਮਾਗਮ ਦੌਰਾਨ ਮੰਚ ‘ਤੇ ਮੌਜੂਦ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਨਵ-ਨਿਯੁਕਤ ਮੰਤਰੀ।

ਇਸ ਤੋਂ ਪਹਿਲਾਂ ਮਨੋਹਰ ਲਾਲ ਖੱਟਰ ਨੇ ਆਪਣੇ ਸਮੁੱਚੇ ਕੈਬਨਿਟ ਮੰਤਰੀਆਂ ਨਾਲ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਕੋਲ ਪਹੁੰਚ ਕੇ ਅਸਤੀਫ਼ਾ ਦਿੱਤਾ। ਇਸ ਮਗਰੋਂ ਭਾਜਪਾ ਵੱਲੋਂ ਹਰਿਆਣਾ ਨਿਵਾਸ ਵਿੱਚ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ, ਜਿਸ ਵਿਚ ਮਨੋਹਰ ਲਾਲ ਖੱਟਰ ਨੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦਾ ਨਾਮ ਮੁੱਖ ਮੰਤਰੀ ਵਜੋਂ ਪੇਸ਼ ਕੀਤਾ, ਤਾਂ ਸਾਰੇ ਵਿਧਾਇਕਾਂ ਨੇ ਸਹਿਮਤੀ ਦਿੱਤੀ। ਇਸ ਦੌਰਾਨ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਨਾਰਾਜ਼ਗੀ ਜਤਾਈ ਅਤੇ ਉਹ ਵਿਧਾਇਕ ਦਲ ਦੀ ਮੀਟਿੰਗ ‘ਚੋਂ ਉੱਠ ਕੇ ਚਲੇ ਗਏ। ਉਧਰ ਨਾਇਬ ਸਿੰਘ ਸੈਣੀ ਨੇ ਰਾਜ ਭਵਨ ਪਹੁੰਚ ਕੇ ਰਾਜਪਾਲ ਕੋਲ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕੀਤਾ, ਜਿਸ ਮਗਰੋਂ ਰਾਜਪਾਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ।
ਕਾਂਗਰਸ ਵੱਲੋਂ ਹਰਿਆਣਾ ‘ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ
ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਜਪਾ-ਜਜਪਾ ਨੇ ਗੱਠਜੋੜ ਤੋੜ ਕੇ ਅਤੇ ਮੁੱਖ ਮੰਤਰੀ ਬਦਲ ਕੇ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਨੈਤਿਕ ਆਧਾਰ ‘ਤੇ ਭਾਜਪਾ ਨੂੰ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਜਿਸ ਕਰਕੇ ਹਰਿਆਣਾ ਵਿਚ ਰਾਸ਼ਟਰਪਤੀ ਸ਼ਾਸਨ ਲਾਇਆ ਜਾਣਾ ਚਾਹੀਦਾ ਹੈ ਅਤੇ ਜਲਦ ਹੀ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾਅਵਾ ਕੀਤਾ, ”ਭਾਜਪਾ ਨੇ ਸਾਢੇ 9 ਸਾਲਾਂ ਦੇ ਰਾਜ ਵਿਚ ਲੋਕ ਹਿੱਤ ਵਿਚ ਕੋਈ ਕੰਮ ਨਹੀਂ ਕੀਤਾ ਹੈ ਤੇ ਭਗਵਾ ਪਾਰਟੀ ਸਿਰਫ਼ ਲੋਕਾਂ ਦਾ ਧਿਆਨ ਭਟਕਾਉਣ ਵਿਚ ਲੱਗੀ ਰਹੀ। ਇਸੇ ਕਰਕੇ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਗੱਠਜੋੜ ਟੁੱਟ ਗਿਆ।”